ਮਹਿਲਾਵਾਂ ਨੂੰ ਨਿਆਂ ਦੇਣ ’ਚ ਦੇਰੀ ਬਰਦਾਸ਼ਤ ਨਹੀਂ: ਮਮਤਾ
ਕੌਮੀ ਮਹਿਲਾ ਕਮਿਸ਼ਨ ਦੀ ਦੇਸ਼ ਵਿਆਪੀ ਪਹੁੰਚ ਪਹਿਲਕਦਮੀ ‘ਮਹਿਲਾ ਆਯੋਗ ਆਪਕੇ ਦੁਆਰ’ ਤਹਿਤ ਕਮਿਸ਼ਨ ਦੀ ਮੈਂਬਰ ਮਮਤਾ ਕੁਮਾਰੀ ਨੇ ਅੱਜ ਇੱਥੇ ਪੁਲੀਸ ਲਾਈਨਜ਼ ਵਿੱਚ ਮਹਿਲਾ ਜਨ ਸੁਣਵਾਈ (ਮਹਿਲਾ ਜਨਤਕ ਸੁਣਵਾਈ) ਕੀਤੀ। ਇਸ ਦੌਰਾਨ 40 ਮਹਿਲਾਵਾ ਨੇ ਘਰੇਲੂ ਹਿੰਸਾ, ਉਤਪੀੜਨ, ਦਾਜ ਅਤੇ ਹੋਰ ਲਿੰਗਕ ਸਬੰਧੀ ਮੁੱਦਿਆਂ ਨਾਲ ਸਬੰਧਤ ਸ਼ਿਕਾਇਤਾਂ ਪੇਸ਼ ਕੀਤੀਆਂ। ਮਮਤਾ ਕੁਮਾਰੀ ਨੇ ਹਰੇਕ ਮਾਮਲੇ ਦੀ ਸਹਿਜਤਾ ਨਾਲ ਸੁਣਵਾਈ ਕੀਤੀ। ਉਨ੍ਹਾਂ ਜ਼ਿਲ੍ਹਾ ਪੁਲੀਸ ਵੱਲੋਂ ਪੇਸ਼ ਹੋਏ ਐੱਸਪੀ ਹੈਡਕੁਆਬਟਰ ਵੈਭਵ ਚੌਧਰੀ ਆਈਪੀਐੱਸ ਨੂੰ ਨਿਰਪੱਖ ਅਤੇ ਸਮਾਂਬੱਧ ਜਾਂਚ ਯਕੀਨੀ ਬਣਵਾਉਣ ਲਈ ਆਖਿਆ। ਉਨ੍ਹਾਂ ਕਿਹਾ ਕਿ ਦੇਸ਼ ਭਰ ਵਿੱਚ ਅਜਿਹੇ ਕੈਂਪ ਜ਼ਮੀਨੀ ਪੱਧਰ ’ਤੇ ਔਰਤਾਂ ਨੂੰ ਨਿਆਂ ਪ੍ਰਦਾਨ ਕਰਨਾ, ਸ਼ਿਕਾਇਤਾਂ ਦਾ ਤੁਰੰਤ ਨਿਬੇੜਾ ਤੇ ਔਰਤਾਂ ਨਾਲ ਸਬੰਧਤ ਮਾਮਲਿਆਂ ਵਿੱਚ ਲਾਪ੍ਰਵਾਹੀ ਲਈ ਅਧਿਕਾਰੀਆਂ ਨੂੰ ਜਵਾਬਦੇਹ ਬਣਾਉਣਾ ਦੇ ਮਨੋਰਥ ਨਾਲ ਲਾਏ ਜਾ ਰਹੇ ਹਨ। ਕੌਮੀ ਮਹਿਲਾ ਮੈਂਬਰ ਨੇ ਕਈ ਮਾਮਲਿਆਂ ਵਿੱਚ ਮੌਕੇ ’ਤੇ ਹੀ ਨਿਰਦੇਸ਼ ਜਾਰੀ ਕਰਦਿਆਂ ਵਿਸਤ੍ਰਿਤ ਜਾਂਚ ਲਈ ਜਾਂਚ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕੇਂਦਰੀ ਜੇਲ੍ਹ ਪਟਿਆਲਾ ’ਚ ਪਹੁੰਚ ਕੇ ਮਹਿਲਾ ਕੈਦੀਆਂ ਦੇ ਰਹਿਣ-ਸਹਿਣ ਦੀ ਸਥਿਤੀ ਦਾ ਜਾਇਜ਼ਾ ਲੈਂਦਿਆਂ ਸ਼ਿਕਾਇਤਾਂ ਸੁਣੀਆਂ। ਇਸ ਮੌਕੇ ਜੇਲ੍ਹ ਸੁਪਰਡੈਂਟ ਗੁਰਚਰਨ ਸਿੰਘ ਧਾਲੀਵਾਲ ਵੀ ਮੌਜੂਦ ਸਨ। ਮਮਤਾ ਕੁਮਾਰੀ ਨੇ ਮਾਤਾ ਕੌਸ਼ਲਿਆ ਜ਼ਿਲ੍ਹਾ ਹਸਪਤਾਲ ਪਟਿਆਲਾ, ਸਖੀ ਵਨ ਸਟਾਪ ਸੈਂਟਰ ਅਤੇ ਮਾਤਾ ਖੀਵੀ ਬਿਰਧ ਆਸ਼ਰਮ ਦਾ ਦੌਰਾ ਵੀ ਕੀਤਾ।