ਹਾਦਸੇ ਵਿੱਚ ਹਲਾਕ
ਲੁਧਿਆਣਾ, 8 ਜਨਵਰੀ
ਵੱਖ-ਵੱਖ ਥਾਵਾਂ ’ਤੇ ਵਾਪਰੇ ਸੜਕ ਹਾਦਸਿਆਂ ਵਿੱਚ ਅੱਜ ਇੱਕ ਬਜ਼ੁਰਗ ਦੀ ਮੌਤ ਹੋ ਗਈ ਹੈ, ਜਦਕਿ ਇੱਕ ਹੋਰ ਵਿਅਕਤੀ ਜ਼ਖ਼ਮੀ ਹੋ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੋਤੀ ਨਗਰ ਦੀ ਪੁਲੀਸ ਨੂੰ ਪਿੰਡ ਉੱਪਲ ਵਾਸੀ ਸਿਮਰਨਜੀਤ ਸਿੰਘ ਨੇ ਦੱਸਿਆ ਕਿ ਉਸ ਦੇ ਪਿਤਾ ਜਸਦੇਵ ਸਿੰਘ ਐਕਟਿਵਾ ’ਤੇ ਪਿੰਡ ਸੁਨੇਤ ਵੱਲ ਜਾ ਰਹੇ ਸਨ ਤੇ ਉਹ ਆਪਣੇ ਮੋਟਰਸਾਈਕਲ ’ਤੇ ਪਿੱਛੇ ਆ ਰਿਹਾ ਸੀ। ਇਸ ਮੌਕੇ ਗਰੇਵਾਲ ਪੰਪ ਨੇੜੇ ਪਿਛਲੇ ਪਾਸੇ ਤੋਂ ਆਈ ਤੇਜ਼ ਰਫ਼ਤਾਰ ਲਾਲ ਮਿੰਨੀ ਬੱਸ ਦੇ ਚਾਲਕ ਨੇ ਉਸ ਦੇ ਪਿਤਾ ਨੂੰ ਫੇਟ ਮਾਰ ਦਿੱਤੀ ਜਿਸ ਨਾਲ ਉਹ ਹੇਠਾਂ ਡਿੱਗ ਪਏ ਅਤੇ ਹਸਪਤਾਲ ਲਿਜਾਣ ਤੋਂ ਪਹਿਲਾਂ ਹੀ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਮੁਲਜ਼ਮ ਡਰਾਈਵਰ ਗੁਰਦੇਵ ਸਿੰਘ ਵਾਸੀ ਟਿੱਬਾ ਕਲੋਨੀ ਥਾਣਾ ਜਮਾਲਪੁਰ ਆਪਣੀ ਬੱਸ ਛੱਡ ਕੇ ਫਰਾਰ ਹੋ ਗਿਆ। ਥਾਣੇਦਾਰ ਵਿਜੇ ਕੁਮਾਰ ਨੇ ਦੱਸਿਆ ਕਿ ਪੁਲੀਸ ਨੇ ਬੱਸ ਕਬਜ਼ੇ ਵਿੱਚ ਲੈ ਕੇ ਚਾਲਕ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।
ਇਸੇ ਤਰ੍ਹਾਂ ਥਾਣਾ ਦੁੱਗਰੀ ਦੀ ਪੁਲੀਸ ਨੂੰ ਨਿਰਮਲਾ ਰਾਣੀ ਵਾਸੀ ਮੁਹੱਲਾ ਛੋਟੀ ਜਵੱਦੀ ਥਾਣਾ ਦੁੱਗਰੀ ਨੇ ਦੱਸਿਆ ਕਿ ਉਸ ਦਾ ਭਰਾ ਹਰਜੀਤ ਸਿੰਘ (30) ਪੈਦਲ ਜਾ ਰਿਹਾ ਸੀ ਤਾਂ ਸੂਆ ਰੋਡ ਨੇੜੇ ਰਵੀਦਾਸ ਗੁਰਦਵਾਰੇ ਕੋਲ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਉਸ ਨੂੰ ਫੇਟ ਮਾਰ ਦਿੱਤੀ ਤੇ ਸਮੇਤ ਕਾਰ ਫਰਾਰ ਹੋ ਗਿਆ। ਹੌਲਦਾਰ ਅਵਤਾਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਕੇਸ ਦਰਜ ਕਰ ਲਿਆ ਹੈ।