ਡੀ ਸੀ ਵੱਲੋਂ ਸੜਕਾਂ ਦੇ ਨਿਰਮਾਣ ਕਾਰਜਾਂ ਦਾ ਜਾਇਜ਼ਾ
ਪਟਿਆਲਾ ਵਿੱਚ ਚੱਲ ਰਹੇ ਵਿਕਾਸ ਕਾਰਜਾਂ ਕਾਰਨ ਸ਼ਹਿਰ ਦੀਆਂ ਸੜਕਾਂ ਪੁੱਟਣ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਝੱਲਣੀ ਪੈ ਰਹੀ ਹੈ। ਇਥੋਂ ਦੇ ਚਿਲਡਰਨ ਚੌਕ ਤੇ ਗੁਰਦੁਆਰਾ ਦੂਖਨਿਵਾਰਨ ਸਾਹਿਬ ਨੇੜੇ ਖੰਡਾ ਚੌਕ ਤੋਂ ਲੈ ਕੇ ਹੋਰ ਕਈ ਥਾਵਾਂ ’ਤੇ ਸੜਕਾਂ ਦਾ ਕਾਫ਼ੀ ਬੁਰਾ ਹਾਲ ਹੈ ਜਿਸ ਕਰਕੇ ਲੋਕ ਪ੍ਰੇਸ਼ਾਨ ਹੋ ਰਹੇ ਹਨ।
ਸ਼ਿਕਾਇਤਾਂ ਮਿਲਣ ਕਰਕੇ ਅੱਜ ਡੀਸੀ ਡਾ. ਪ੍ਰੀਤੀ ਯਾਦਵ ਨੇ ਗੁਰਦੁਆਰਾ ਦੁੂਖਨਿਵਾਰਨ ਸਾਹਿਬ ਤੇ ਖੰਡਾ ਚੌਕ ਨੇੜੇ ਨਹਿਰੀ ਪਾਣੀ ਦੀ ਸਪਲਾਈ ਲਈ ਪਾਈ ਗਈ ਪਾਈਪਲਾਈਨ ਕਰਕੇ ਪੁੱਟੀ ਹੋਈ ਸੜਕ ਉਪਰ ਟਾਈਲਾਂ ਲਾਉਣ ਦੇ ਕੰਮ ਦਾ ਨਿਰੀਖਣ ਕੀਤਾ। ਇਸ ਮੌਕੇ ਉਨ੍ਹਾਂ ਨੇ ਐੱਲ ਐਂਡ ਟੀ ਦੇ ਪ੍ਰਾਜੈਕਟ ਅਫ਼ਸਰ ਸੁਖਦੇਵ ਝਾਅ ਤੇ ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਅਧਿਕਾਰੀਆਂ ਨੂੰ ਸਖ਼ਤ ਨਿਰਦੇਸ਼ ਦਿੱਤੇ ਕਿ ਸ਼ਹਿਰ ਵਾਸੀਆਂ ਤੇ ਰਾਹਗੀਰਾਂ ਨੂੰ ਦਰਪੇਸ਼ ਪ੍ਰੇਸ਼ਾਨੀ ਤੁਰੰਤ ਦੂਰ ਕੀਤੀ ਜਾਵੇ। ਪਾਈਪ-ਲਾਈਨਾਂ ਪਾਉਣ ਦਾ ਕੰਮ ਬੇਸ਼ੱਕ ਮੁਕੰਮਲ ਕਰਕੇ ਇਸ ਉਪਰ ਸੜਕ ਉਪਰ ਆਵਾਜਾਈ ਚਲਾ ਦਿੱਤੀ ਗਈ ਹੈ ਪਰ ਅਜੇ ਤੱਕ ਇਸ ਉਪਰ ਟਾਈਲਾਂ ਨਹੀਂ ਲੱਗੀਆਂ, ਜਿਸ ਕਰਕੇ ਲੋਕਾਂ ਨੂੰ ਪ੍ਰੇਸ਼ਾਨੀ ਆ ਰਹੀ ਹੈ, ਜਿਸ ਲਈ ਜੇਕਰ ਇਸ ਕੰਮ ਵਿੱਚ ਹੋਰ ਦੇਰੀ ਹੋਈ ਤਾਂ ਸਬੰਧਿਤ ਅਧਿਕਾਰੀ ਜ਼ਿੰਮੇਵਾਰ ਹੋਣਗੇ। ਉਨ੍ਹਾਂ ਕਿਹਾ ਕਿ ਕੰਮ ਨੂੰ ਛੇਤੀ ਮੁਕੰਮਲ ਕੀਤਾ ਜਾਵੇ। ਇਸ ਮੌਕੇ ਨਗਰ ਨਿਗਮ ਦੇ ਐੱਸ.ਈ ਰਾਜਿੰਦਰ ਚੋਪੜਾ, ਲੋਕ ਨਿਰਮਾਣ ਦੇ ਐਕਸੀਅਨ ਪਿਊਸ਼ ਅਗਰਵਾਲ, ਜਲ ਸਪਲਾਈ ਤੇ ਸੀਵਰੇਜ ਬੋਰਡ ਦੇ ਐੱਸ.ਡੀ.ਓ ਹਰਨੀਸ਼ ਕੁਮਾਰ ਤੇ ਹੋਰ ਅਧਿਕਾਰੀ ਮੌਜੂਦ ਸਨ।