ਕੌਂਸਲ ਪ੍ਰਧਾਨ ਦੇ ਪਤੀ ਦੀ ਅਗਾਊਂ ਜ਼ਮਾਨਤ ਮਨਜ਼ੂਰ
ਕਥਿਤ ਟਰਾਲੀ ਚੋਰੀ ਮਾਮਲੇ ਵਿੱਚ ਨਾਭਾ ਨਗਰ ਕੌਂਸਲ ਪ੍ਰਧਾਨ ਸੁਜਾਤਾ ਚਾਵਲਾ ਦੇ ਪਤੀ ਪੰਕਜ ਪੱਪੂ ਦੀ ਅਗਾਊਂ ਜ਼ਮਾਨਤ ਅਰਜ਼ੀ ਮਨਜ਼ੂਰ ਹੋ ਗਈ ਹੈ। ਪਟਿਆਲਾ ਸੈਸ਼ਨ ਕੋਰਟ ਵਿੱਚ ਅੱਜ ਇਸ ਮਾਮਲੇ ’ਤੇ ਸੁਣਵਾਈ ਹੋਈ। ਜ਼ਿਕਰਯੋਗ ਹੈ ਕਿ ਪਿਛਲੇ ਹਫਤੇ ਪੰਕਜ ਪੱਪੂ ਖਿਲਾਫ ਨਾਭਾ ਕੋਤਵਾਲੀ ਵਿੱਚ ਕਿਸਾਨਾਂ ਦੀ ਟਰਾਲੀਆਂ ਚੋਰੀ ਕਰਨ ਦੇ ਦੋਸ਼ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਭਾਰਤੀ ਕਿਸਾਨ ਯੂਨੀਅਨ ਏਕਤਾ ਆਜ਼ਾਦ ਦੇ ਆਗੂਆਂ ਨੇ ‘ਆਪ’ ਆਗੂ ਪੰਕਜ ਪੱਪੂ ਦੇ ਬੰਦ ਪਏ ਪਲਾਟ ਅਤੇ ਦੁਕਾਨ ਦੇ ਬਾਹਰ ਧਰਨਾ ਲਗਾਕੇ ਟਰਾਲੀਆਂ ਦਾ ਕੁਝ ਸਾਮਾਨ ਪੁਲੀਸ ਨੂੰ ਬਰਾਮਦ ਕਰਵਾਇਆ ਸੀ ਜਿਸ ਮਗਰੋਂ ਕਾਰਵਾਈ ਕਰਦੇ ਹੋਏ ਪੁਲੀਸ ਨੇ ਉਕਤ ਕੇਸ ਦਰਜ ਕੀਤਾ। ਕਿਸਾਨਾਂ ਦਾ ਦੋਸ਼ ਹੈ ਕਿ ਮਾਰਚ ਮਹੀਨੇ ਸ਼ੰਭੂ ਮੋਰਚੇ ਤੋਂ ਜਿਹੜੀਆਂ ਟਰਾਲੀਆਂ ਚੋਰੀ ਹੋਈਆਂ, ਉਨ੍ਹਾਂ ਵਿੱਚੋ ਕੁਝ ਟਰਾਲੀਆਂ ਨਾਭਾ ਆਈਆਂ ਸਨ ਤੇ ਇਹ ਵੀ ਪਤਾ ਲੱਗਿਆ ਕਿ ਨਾਭਾ ਨਗਰ ਕੌਂਸਲ ਦੀ ਮਸ਼ੀਨਰੀ ਦਾ ਇਸਤੇਮਾਲ ਕਰਕੇ ਟਰਾਲੀਆਂ ਇਥੇ ਲਿਆਂਦੀਆਂ ਗਈਆਂ। ਉਕਤ ਦੋਸ਼ ਲੱਗਣ ਮਗਰੋਂ ਨਾਭਾ ਦੇ 23 ਵਿੱਚੋ 18 ਕੌਂਸਲਰਾਂ ਨੇ ਪ੍ਰਧਾਨ ਖਿਲਾਫ ਬੇਭਰੋਸਗੀ ਮਤਾ ਪੇਸ਼ ਕੀਤਾ ਜਿਸ ਉੱਪਰ ਅਜੇ ਮੀਟਿੰਗ ਹੋਣੀ ਬਾਕੀ ਹੈ ਪਰ ਪ੍ਰਧਾਨ ਸੁਜਾਤਾ ਚਾਵਲਾ ਨੇ ਕਾਰਜਸਾਧਕ ਅਫਸਰ ਨੂੰ ਪੱਤਰ ਦਿੰਦੇ ਹੋਏ ਅਣਮਿਥੇ ਸਮੇ ਲਈ ਛੁੱਟੀ ’ਤੇ ਜਾਣ ਦਾ ਐਲਾਨ ਕਰ ਦਿੱਤਾ। ਉਸ ਮਗਰੋਂ ਨਾਭਾ ਨਗਰ ਕੌਂਸਲ ਦੇ ਸੀਨੀਅਰ ਮੀਤ ਪ੍ਰਧਾਨ ਅਮਰਜੀਤ ਕੌਰ ਸਾਹਨੀ ਨੇ ਕੌਂਸਲ ਦੇ ਕਾਰਜਕਾਰੀ ਪ੍ਰਧਾਨ ਵੱਜੋਂ ਅਹੁਦਾ ਸੰਭਾਲਿਆ।