ਕਾਂਗਰਸ ਵੱਲੋਂ ਸਿਸੋਦੀਆ ਖ਼ਿਲਾਫ਼ ਮੁਜ਼ਾਹਰਾ
ਜ਼ਿਲ੍ਹਾ ਕਾਂਗਰਸ ਕਮੇਟੀ ਪਟਿਆਲਾ ਸ਼ਹਿਰੀ ਦੇ ਆਗੂਆਂ ਤੇ ਵਰਕਰਾਂ ਨੇ ‘ਆਪ’ ਪੰਜਾਬ ਦੇ ਇੰਚਾਰਜ ਮਨੀਸ਼ ਸਿਸੋਦੀਆ ਖ਼ਿਲਾਫ਼ ਪੰਜਾਬ ਦੀਆਂ ਵਿਧਾਨ ਚੋਣਾਂ ਜਿੱਤਣ ਸਬੰਧੀ ਦਿੱਤੇ ਬਿਆਨ ਦੇ ਰੋਸ ਵਜੋਂ ਮੁਜ਼ਾਹਰਾ ਕੀਤਾ। ਇਸ ਦੌਰਾਨ ਪਟਿਆਲਾ ਦੇ ਡੀਸੀ ਡਾ. ਪ੍ਰੀਤੀ ਯਾਦਵ ਤੇ ਐੱਸਐੱਸਪੀ ਵਰੁਣ ਸ਼ਰਮਾ ਦੇ ਨਾਮ ’ਤੇ ਮੰਗ ਪੱਤਰ ਦਿੱਤਾ ਜਿਸ ਵਿਚ ਕਾਂਗਰਸ ਨੇ ਮਨੀਸ਼ ਸਿਸੋਦੀਆ ਖ਼ਿਲਾਫ਼ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਨ ਦੀ ਮੰਗ ਕੀਤੀ। ਜ਼ਿਲ੍ਹਾ ਸ਼ਹਿਰੀ ਪ੍ਰਧਾਨ ਨਰੇਸ਼ ਦੁੱਗਲ ਨੇ ਕਿਹਾ ਕਿ ਇਹ ਪ੍ਰਦਰਸ਼ਨ ਜ਼ਿਲ੍ਹਾ ਕਾਂਗਰਸ ਨੇ ਪੰਜਾਬ ਦੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਕਹਿਣ ’ਤੇ ਕੀਤਾ ਹੈ। ਇਸ ਮੌਕੇ ਜ਼ਿਲ੍ਹਾ ਨਰੇਸ਼ ਕੁਮਾਰ ਦੁੱਗਲ ਨੇ ਬੋਲਦਿਆਂ ਕਿਹਾ ਕਿ ਸਿਸੋਦੀਆ ਦਾ ਬਿਆਨ ਵਿਰੋਧੀ ਪਾਰਟੀਆਂ ਨੂੰ ਡਰਾਉਣ ਲਈ ਪੰਜਾਬ ਦਾ ਸਿਆਸੀ ਮਾਹੌਲ ਖ਼ਰਾਬ ਕਰਨ ਵਾਲਾ ਹੈ ਕਿਉਂਕਿ ਪਹਿਲਾਂ ਵੀ ਨਗਰ ਨਿਗਮ ਦੀਆਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਦੇ ਨੁਮਾਇੰਦਿਆਂ ਦੇ ਨਾਮਜ਼ਦਗੀ ਪੱਤਰ ਦਾਖਲ ਨਹੀਂ ਕਰਨ ਦਿੱਤੇ ਗਏ ਅਤੇ ਚੋਣਾਂ ਵਾਲੇ ਦਿਨ ਵਿਰੋਧੀ ਪਾਰਟੀਆਂ ਦੇ ਉਮੀਦਵਾਰਾਂ ਨੂੰ ਡਰਾ ਧਮਕਾ ਕੇ ਚੋਣਾਂ ਜਿੱਤੀਆਂ, ਜਿਸ ਦੇ ਖ਼ਿਲਾਫ਼ ਕਾਂਗਰਸ ਪਾਰਟੀ ਨੇ ਮਾਨਯੋਗ ਸੁਪਰੀਮ ਕੋਰਟ ਵਿੱਚ ਰਿੱਟ ਪਾਈ ਹੋਈ ਹੈ। ਦੁੱਗਲ ਨੇ ਅੱਗੇ ਕਿਹਾ ਕਿ ਕਾਂਗਰਸ ਪਾਰਟੀ ਜੇ ਅਹੁਦੇਦਾਰ ਅਤੇ ਵਰਕਰ ਇਨ੍ਹਾਂ ਗਿੱਦੜ ਭਮਕੀਆਂ ਤੋਂ ਡਰਨ ਵਾਲੇ ਨਹੀਂ ਹਨ। ਕਾਂਗਰਸ ਪਾਰਟੀ ਮੰਗ ਕਰਦੀ ਹੈ ਕਿ ਮਨੀਸ਼ ਸਿਸੋਦੀਆ ਵੱਲੋਂ ਦਿੱਤੇ ਗਏ ਬਿਆਨ ਦੇ ਮੱਦੇਨਜ਼ਰ ਉਨ੍ਹਾਂ ਦੇ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਹਰਵਿੰਦਰ ਸਿੰਘ ਨਿੱਪੀ, ਰਵਿੰਦਰ ਸ਼ੁਕਲਾ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਵਰਕਰ ਹਾਜ਼ਰ ਸਨ।