ਖੁੱਲ੍ਹੇਆਮ ਕੂੜਾ ਸਾੜਨ ਦੀ ਰੋਕਥਾਮ ਲਈ ਸਿਖਲਾਈ ਸੈਸ਼ਨ ਕਰਵਾਇਆ
ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ ਪੀ ਸੀ ਬੀ) ਨੇ ਪੰਜਾਬ ਦੇ ਸਾਰੇ ਸ਼ਹਿਰਾਂ, ਕਸਬਿਆਂ ਅਤੇ ਪਿੰਡਾਂ ਵਿੱਚ ਖੁੱਲ੍ਹੇਆਮ ਕੂੜਾ ਸਾੜਨ ਦੇ ਅਮਲ ਦੀ ਰੋਕਥਾਮ ਲਈ ਇੱਕ ਵਿਆਪਕ ਰਾਜ-ਵਿਆਪੀ ਮੁਹਿੰਮ ਸ਼ੁਰੂ ਕੀਤੀ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ ਨਗਰ ਨਿਗਮ ਪਟਿਆਲਾ ਦੇ ਸਹਿਯੋਗ ਨਾਲ ਅੱਜ ਸਫ਼ਾਈ ਕਰਮਚਾਰੀਆਂ (ਵੇਸਟ ਵਰਕਰਜ਼) ਲਈ ਪਹਿਲਾ ਸਮਰੱਥਾ-ਨਿਰਮਾਣ ਸੈਸ਼ਨ ਕਰਵਾਇਆ ਗਿਆ। ਵਾਤਾਵਰਨ ਪ੍ਰਬੰਧਨ ਵਿੱਚ ਸਫ਼ਾਈ ਕਰਮਚਾਰੀਆਂ ਦੀ ਮਹੱਤਵਪੂਰਨ ਭੂਮਿਕਾ ਨੂੰ ਸਮਝਦਿਆਂ ਪੀ ਪੀ ਸੀ ਬੀ ਨੇ ਕੂੜਾ-ਕਰਕਟ ਪ੍ਰਬੰਧਨ ਅਭਿਆਸਾਂ ਨੂੰ ਮਜ਼ਬੂਤ ਕਰਨ ਵਾਸਤੇ ਸਿਖਲਾਈ ਪ੍ਰੋਗਰਾਮ ਸ਼ੁਰੂ ਕੀਤੇ ਹਨ। ਮੋਟੀਵੇਸ਼ਨਲ ਸਪੀਕਰ ਪਰਮਜੀਤ ਸਿੰਘ ਅਗਰਵਾਲ ਨੇ ਕਿਹਾ ਪੀ ਪੀ ਸੀ ਬੀ ਨੇ ਦੱਸਿਆ ਕਿ ਸੁੱਕੇ ਪੱਤਿਆਂ, ਬਾਗ਼ਬਾਨੀ ਰਹਿੰਦ-ਖੂੰਹਦ ਅਤੇ ਮਿਸ਼ਰਤ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨਾ ਹਵਾ ਪ੍ਰਦੂਸ਼ਣ ਦਾ ਇੱਕ ਵੱਡਾ ਕਾਰਨ ਹੈ, ਜੋ ਜ਼ਹਿਰੀਲੀਆਂ ਗੈਸਾਂ ਛੱਡਦਾ ਹੈ, ਜੋ ਹਵਾ ’ਚ ਰਲ ਕੇ ਸਾਹ ਦੀਆਂ ਬਿਮਾਰੀਆਂ ਵਾਲੇ ਵਿਅਕਤੀਆਂ ਦੀ ਸਿਹਤ ਲਈ ਗੰਭੀਰ ਜੋਖ਼ਿਮ ਪੈਦਾ ਕਰਦੇ ਹਨ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਦੀ ਚੇਅਰਪਰਸਨ ਰੀਨਾ ਗੁਪਤਾ ਨੇ ਕਿਹਾ ਕਿ ਇਹ ਸੈਸ਼ਨ ਕੂੜੇ ਨੂੰ ਖੁੱਲ੍ਹੇ ਵਿੱਚ ਸਾੜਨ ਤੋਂ ਗੁਰੇਜ਼ ਕਰਨ, ਬਾਗ਼ਬਾਨੀ ਕੂੜੇ ਦੀ ਖਾਦ ਬਣਾਉਣ ਅਤੇ ਮਲਚਿੰਗ ਨੂੰ ਉਤਸ਼ਾਹਿਤ ਕਰਨ, ਸਰੋਤ ’ਤੇ ਹੀ ਕੂੜੇ ਨੂੰ ਵੱਖੋ-ਵੱਖਰਾ ਕਰਨ ਨੂੰ ਯਕੀਨੀ ਬਣਾਉਣ ਦੇ ਨਾਲ-ਨਾਲ ਕੂੜੇ ਦੀ ਰੀਸਾਈਕਲਿੰਗ ਅਤੇ ਇਸ ਦੇ ਵਿਗਿਆਨਕ ਨਿਪਟਾਰੇ ਦੇ ਅਭਿਆਸਾਂ ਨੂੰ ਅਪਨਾਉਣ ’ਤੇ ਕੇਂਦਰਿਤ ਰਿਹਾ। ਇਸ ਤੋਂ ਬਾਅਦ ਤਮਾਸ਼ਾ ਗਰੁੱਪ ਦੁਆਰਾ ਇੱਕ ਪ੍ਰਭਾਵਸ਼ਾਲੀ ਨੁੱਕੜ ਨਾਟਕ ਪੇਸ਼ ਕੀਤਾ ਗਿਆ, ਜਿਸ ਰਾਹੀਂ ਕੂੜਾ ਪ੍ਰਬੰਧਨ ਦੇ ਮੁੱਖ ਮੁੱਦਿਆਂ ਨੂੰ ਦਿਲਚਸਪ ਢੰਗ ਨਾਲ ਉਜਾਗਰ ਕੀਤਾ ਗਿਆ।
