ਪੰਜਾਬੀ ’ਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਸ਼ੋਕ ਸਭਾ
ਪੰਜਾਬੀ ਯੂਨੀਵਰਸਿਟੀ ਦੇ ਵਿਦਿਆਰਥੀ ਰਹਿ ਚੁੱਕੇ ਪ੍ਰਸਿੱਧ ਗਾਇਕ ਮਰਹੂਮ ਰਾਜਵੀਰ ਜਵੰਦਾ ਦੀ ਯਾਦ ਵਿੱਚ ਪੰਜਾਬੀ ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਅੱਜ ਸ਼ੋਕ ਸਭਾ ਕੀਤੀ ਗਈ। ਇਸ ਦੌਰਾਨ ਉਸ ਦੀ ਤਸਵੀਰ ਵੀ ਵਿਭਾਗ ਦੀ ਫੋਟੋ ਗੈਲਰੀ ਵਿੱਚ ਸਥਾਪਤ ਕੀਤੀ ਗਈ। ਸ਼ੋਕ ਸਭਾ ਦੀ ਅਗਵਾਈ ਕਰਦਿਆਂ ਵਿਭਾਗ ਦੇ ਡਾਇਰੈਕਟਰ ਡਾ. ਭੀਮਇੰਦਰ ਸਿੰਘ ਨੇ ਵਿਦਿਆਰਥੀਆਂ ਨੂੰ ਰਾਜਵੀਰ ਜਵੰਦਾ ਦੇ ਜੀਵਨ ਤੋਂ ਬਹੁਤ ਕੁਝ ਸਿਖਣ ਦੀ ਲੋੜ ’ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਉਹ ਵਧੇਰੇ ਮਸ਼ਹੂਰ ਗਾਇਕ ਹੋ ਕੇ ਵੀ ਹਮੇਸ਼ਾ ਜੜ੍ਹਾਂ ਨਾਲ ਜੁੜੇ ਰਹੇ। ਜ਼ਿੰਦਗੀ ਕਿਵੇਂ ਜਿੰਦਾਦਿਲੀ ਨਾਲ ਜਿਉਣੀ ਚਾਹੀਦੀ ਹੈ ਇਹ ਵੀ ਰਾਜਵੀਰ ਜਵੰਦਾ ਬਾਖ਼ੂਬੀ ਸਮਝਾ ਗਿਆ ਹੈ। ਇਸੇ ਦੌਰਾਨ ਆਪਣੇ ਹੋਣਹਾਰ ਵਿਦਿਆਰਥੀ ਦੀ ਮੌਤ ’ਤੇ ਦੁੱਖ ਜ਼ਾਹਿਰ ਕਰਦਿਆਂ ਵਾਈਸ ਚਾਂਸਲਰ ਡਾ. ਜਗਦੀਪ ਸਿੰਘ ਨੇ ਦੱਸਿਆ ਕਿ ਰਾਜਵੀਰ ਜਵੰਦਾ ਇਸ ਯੂਨੀਵਰਸਿਟੀ ਦੇ ਥੀਏਟਰ ਅਤੇ ਫ਼ਿਲਮ ਪ੍ਰੋਡਕਸ਼ਨ ਵਿਭਾਗ ਦੇ ਵਿਦਿਆਰਥੀ ਰਹੇ ਹਨ। ਰਾਜਵੀਰ ਜਵੰਦਾ ਦੇ ਜੀਵਨ ’ਤੇ ਚਾਨਣਾ ਪਾਉਂਦਿਆਂ ਡਾ. ਹਰਿੰਦਰ ਹੁੰਦਲ ਨੇ ਕਿਹਾ ਕਿ ਇਕ ਕਲਾਕਾਰ ਦੇ ਕਹੇ ਬੋਲ ਜਾਂ ਗੀਤਾਂ ਨਾਲ ਹੀ ਉਸ ਦੀ ਅੰਤਿਮ ਸਾਂਝ ਪੈ ਜਾਂਦੀ ਹੈ। ਜਵੰਦਾ ਨੂੰ ਭਾਵੇਂ ਸ਼ੁਰੂ ਤੋਂ ਹੀ ਗਾਉਣ ਦਾ ਸ਼ੌਕ ਸੀ ਪਰ ਉਹ ਨਾਲ ਨਾਲ ਐਕਟਿੰਗ ਦਾ ਸ਼ੌਕੀਨ ਵੀ ਸੀ। ਰਾਜਵੀਰ ਸ਼ੌਕ ਦੀਆਂ ਭੂਤਕਾਲ ਦੀਆਂ ਮਿੱਠੀਆਂ ਯਾਦਾਂ ਨੂੰ ਯਾਦ ਕਰਦਿਆਂ ਇਹ ਸ਼ੋਕ ਸਭਾ ਸਮਾਪਤ ਹੋਈ। ਇਸ ਮੌਕੇ ਰਾਜਵੀਰ ਜਵੰਦਾ ਦੀ ਤਸਵੀਰ ਵਿਭਾਗ ਦੀ ਫੋਟੋ ਗੈਲਰੀ ਵਿਖੇ ਸਥਾਪਤ ਕੀਤੀ ਗਈ। ਇਸ ਮੌਕੇ ਡਾ. ਡੈਨੀ ਸ਼ਰਮਾ, ਰਮਨਜੀਤ ਕੌਰ, ਨਰਿੰਦਰ ਪਾਲ ਸਿੰਘ, ਇੰਦਰਬੀਰ ਸਿੰਘ, ਜਤਿੰਦਰ ਕੁਮਾਰ, ਜੇਮਸ ਮਸੀਹ ਤੇ ਵਿਦਿਆਰਥੀ ਵੀ ਸ਼ਾਮਲ ਸਨ।