ਕਮਿਊਨਿਸਟਾਂ ਦੀ ਟੀਮ ਵੱਲੋਂ ਸੁਨਾਮ ਵਿੱਚ ਮਾਰਚ
ਭਾਰਤੀ ਕਮਿਊਨਿਸਟ ਪਾਰਟੀ ਦੇ 25ਵੇਂ ਮਹਾ-ਸੰਮੇਲਨ ਦਾ ਸੱਦਾ ਲੈ ਕੇ ਨਿਕਲੀ ਟੀਮ ਨੇ ਅੱਜ ਸਥਾਨਕ ਸ਼ਹਿਰ ਦੇ ਬਾਜ਼ਾਰਾਂ ਵਿੱਚ ਮਾਰਚ ਕੀਤਾ ਜਿਸ ਤੋਂ ਬਾਅਦ ਸ਼ਹੀਦ ਊਧਮ ਸਿੰਘ ਦੇ ਜੱਦੀ ਘਰ ਵਿੱਚ ਨਤਮਸਤਕ ਹੋਈ, ਜਿੱਥੇ ਉਨ੍ਹਾਂ ਨੇ ਸ਼ਹੀਦ ਦੀ ਕੁਰਬਾਨੀ ਨੂੰ ਯਾਦ ਕਰਦਿਆਂ ਸ਼ਰਧਾ ਦੇ ਫੁੱਲ ਭੇਟ ਕੀਤੇ। ਇਸ ਜਥੇ ਵਿੱਚ ਹਰਦੇਵ ਸਿੰਘ, ਸੁਖਦੇਵ ਸ਼ਰਮਾ, ਸੰਪੂਰਨ ਸਿੰਘ ਛਾਜਲੀ, ਨਿਰਮਲ ਸਿੰਘ ਬਟੜਿਆਣਾ ਅਤੇ ਕਾਮਰੇਡ ਪਰਦੀਪ ਚੀਮਾ ਸ਼ਾਮਲ ਸਨ। ਇਸ ਮੌਕੇ ਆਗੂਆਂ ਨੇ ਦੱਸਿਆ ਕਿ ਭਾਰਤੀ ਕਮਿਊਨਿਸਟ ਪਾਰਟੀ ਦਾ 25ਵਾਂ ਮਹਾਸੰਮੇਲਨ 21 ਤੋਂ 25 ਸਤੰਬਰ ਤੱਕ ਚੰਡੀਗੜ੍ਹ ਵਿੱਚ ਕਰਵਾਇਆ ਜਾ ਰਿਹਾ ਹੈ, ਜੋ ਕਿ 21 ਸਤੰਬਰ ਨੂੰ ਮੁਹਾਲੀ ਵਿੱਚ ਵਿਸ਼ਾਲ ਰੈਲੀ ਨਾਲ ਆਰੰਭ ਹੋਵੇਗਾ। ਉਨ੍ਹਾਂ ਕਿਹਾ ਕਿ ਪਾਰਟੀ ਨੇ ਆਪਣੇ ਸੰਘਰਸ਼ਾਂ ਦੇ 100 ਸਾਲ ਪੂਰੇ ਕਰ ਲਏ ਹਨ, ਅਨੇਕਾਂ ਸ਼ਹਾਦਤਾਂ ਅਤੇ ਘੋਲਾਂ ਨੂੰ ਯਾਦ ਕਰਦਿਆਂ ਇਹ ਦਿਹਾੜਾ ਬੜੇ ਜੋਸ਼ ਨਾਲ ਮਨਾਇਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਹ ਜਥਾ ਸੂਬੇ ਦੇ ਬਠਿੰਡਾ, ਬਰਨਾਲਾ, ਸੰਗਰੂਰ, ਮਾਲੇਰਕੋਟਲਾ ਆਦਿ ਜ਼ਿਲ੍ਹਿਆਂ ਵਿੱਚ ਜਥੇਬੰਦੀ ਦੀਆਂ ਪ੍ਰਾਪਤੀਆਂ ਅਤੇ ਇਸਦੇ ਇਤਿਹਾਸ ਨੂੰ ਆਮ ਲੋਕਾਂ ਵਿੱਚ ਲੈ ਕੇ ਜਾਵੇਗਾ ਅਤੇ 25ਵੇਂ ਮਹਾਸੰਮੇਲਨ ਵਿੱਚ ਸ਼ਮੂਲੀਅਤ ਲਈ ਆਮ ਲੋਕਾਈ ਨੂੰ ਸੱਦਾ ਦੇਵੇਗਾ।