ਚਾਹਲ ਨੇ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਅਹੁਦਾ ਸੰਭਾਲਿਆ
ਗੁਰਨਾਮ ਸਿੰਘ ਅਕੀਦਾ
ਪਟਿਆਲਾ, 14 ਜੁਲਾਈ
2009 ਬੈਚ ਦੇ ਸੀਨੀਅਰ ਆਈਪੀਐੱਸ ਅਧਿਕਾਰੀ ਕੁਲਦੀਪ ਸਿੰਘ ਚਾਹਲ ਨੇ ਅੱਜ ਪਟਿਆਲਾ ਰੇਂਜ ਦੇ ਡੀਆਈਜੀ ਵਜੋਂ ਆਪਣਾ ਅਹੁਦਾ ਸੰਭਾਲ ਲਿਆ। ਇਸ ਮੌਕੇ ਸ੍ਰੀ ਚਾਹਲ ਨੇ ਆਖਿਆ ਕਿ ਪਟਿਆਲਾ ਰੇਂਜ ਦੇ ਜ਼ਿਲ੍ਹਿਆਂ ਅੰਦਰ ਲੋਕਾਂ ਨੂੰ ਬਿਹਤਰ, ਸਮਾਂਬੱਧ ਤੇ ਪਾਰਦਰਸ਼ੀ ਪੁਲੀਸ ਸੇਵਾਵਾਂ ਪ੍ਰਦਾਨ ਕਰਵਾਉਣ ਸਮੇਤ ਨਸ਼ਾ ਮੁਕਤ ਸਮਾਜ ਸਿਰਜਣ ਲਈ ਨਸ਼ਾ ਤਸਕਰਾਂ ਅਤੇ ਸਮਾਜ ਵਿਰੋਧੀ ਅਨਸਰਾਂ ਨੂੰ ਸਖ਼ਤੀ ਨਾਲ ਨੱਥ ਪਾਉਣਾ ਉਨ੍ਹਾਂ ਦੀ ਮੁੱਢਲੀ ਤਰਜੀਹ ਹੋਵੇਗੀ।
ਡੀਆਈਜੀ ਚਾਹਲ ਨੇ ਅੱਗੇ ਕਿਹਾ ਕਿ ਪਟਿਆਲਾ ਸ਼ਹਿਰ ਸਮੇਤ ਬਾਕੀ ਜ਼ਿਲ੍ਹਿਆਂ ਅੰਦਰ ਟਰੈਫਿਕ ਵਿਵਸਥਾ ਨੂੰ ਸੁਧਾਰਨ ਅਤੇ ਲੋਕਾਂ ਦੀਆਂ ਪੁਲੀਸ ਵਿਭਾਗ ਨਾਲ ਸਬੰਧਿਤ ਸਮੱਸਿਆਵਾਂ ਦਾ ਪਹਿਲ ਦੇ ਆਧਾਰ ’ਤੇ ਹੱਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਪੁਲੀਸ ਅਮਨ-ਕਾਨੂੰਨ ਦੀ ਸਥਿਤੀ ਬਰਕਰਾਰ ਰੱਖਣ ਲਈ ਪਾਬੰਦ ਹੈ।
ਡੀਆਈਜੀ ਚਾਹਲ ਨੇ ਅੱਗੇ ਕਿਹਾ ਕਿ ਪੰਜਾਬ ਸਰਕਾਰ ਦੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਨੂੰ ਪਟਿਆਲਾ ਰੇਂਜ ਵਿੱਚ ਸਫਲ ਬਣਾ ਕੇ ਨਸ਼ਾ ਤਸਕਰਾਂ ਦਾ ਮੁਕੰਮਲ ਸਫ਼ਾਇਆ ਕੀਤਾ ਜਾਵੇਗਾ। ਪੁਲੀਸ ਲੋਕਾਂ ਦੀ ਰਾਖੀ ਅਤੇ ਅਮਨ ਕਾਨੂੰਨ ਦੀ ਸਥਿਤੀ ਬਣਾ ਕੇ ਰੱਖਣ ਲਈ 24 ਘੰਟੇ ਮੁਸਤੈਦ ਰਹੇਗੀ ਅਤੇ ਗੈਂਗਸਟਰਾਂ ਤੇ ਸਮਾਜ ਵਿਰੋਧੀ ਤੱਤਾਂ ਨਾਲ ਸਖ਼ਤੀ ਨਾਲ ਨਜਿੱਠੇਗੀ। ਇਸ ਮੌਕੇ ਐੱਸਐੱਸਪੀ ਵਰੁਣ ਸ਼ਰਮਾ ਅਤੇ ਬਰਨਾਲਾ ਦੇ ਐੱਸਐੱਸਪੀ ਮੁਹੰਮਦ ਸਰਫ਼ਰਾਜ਼ ਆਲਮ ਨੇ ਉਨ੍ਹਾਂ ਦਾ ਸਵਾਗਤ ਕੀਤਾ। ਇਸ ਦੌਰਾਨ ਪੁਲੀਸ ਦੀ ਟੁਕੜੀ ਨੇ ਗਾਰਡ ਆਫ਼ ਆਨਰ ਵਜੋਂ ਪਟਿਆਲਾ ਦੇ ਨਵੇਂ ਡੀਆਈਜੀ ਨੂੰ ਸਲਾਮੀ ਦਿੱਤੀ।