ਪੰਜਾਬ ਦੇ ਸਰਕਾਰੀ ਗੁਦਾਮਾਂ ਨੂੰ ਖਾਲੀ ਕਰਵਾਏ ਕੇਂਦਰ: ਬਰਸਟ
ਪੰਜਾਬ ਮੰਡੀ ਬੋਰਡ ਦੇ ਚੇਅਰਮੈਨ ਹਰਚੰਦ ਸਿੰਘ ਬਰਸਟ ਨੇ ਕਿਹਾ ਕਿ ਕੇਂਦਰ ਸਰਕਾਰ ਗੁਦਾਮਾ, ਸ਼ੈਲਰਾਂ ਵਿੱਚ ਪਿਆ ਕਣਕ ਅਤੇ ਚਾਵਲ ਦਾ ਸਟਾਕ ਲਿਫਟਿੰਗ ਕਰਵਾ ਕੇ ਸਰਕਾਰੀ ਗੁਦਾਮਾਂ ਨੂੰ ਖਾਲੀ ਕਰਵਾਏ, ਤਾਂ ਕਿ ਆਗਾਮੀ ਝੋਨੇ ਦੇ ਸੀਜਨ ਦੌਰਾਨ ਕਿਸਾਨਾਂ, ਆੜ੍ਹਤੀਆਂ ਅਤੇ ਸ਼ੈਲਰ ਮਾਲਕਾਂ ਨੂੰ ਕੋਈ ਮੁਸ਼ਕਿਲਾਂ ਦਾ ਸਾਹਮਣਾ ਨਾ ਕਰਨਾ ਪਵੇ।
ਸ੍ਰੀ ਬਰਸਟ ਸਮਾਣਾ ਵਿੱਚ ਇਕ ਸਮਾਗਮ ਵਿੱਚ ਸ਼ਿਰਕਤ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਬਰਸਟ ਨੇ ਕੇਂਦਰ ਦੀ ਐੱਨਡੀਏ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਕੇਂਦਰ ਸਰਕਾਰ ਵਿੱਚ ਮੁੱਖ ਪਾਰਟੀ ਭਾਜਪਾ ਜੋ ਕਿ 11 ਸਾਲਾਂ ਤੋਂ ਪੰਜਾਬ ਨਾਲ ਮਤਰੇਇਆ ਸਲੂਕ ਕਰਕੇ ਪੰਜਾਬ ਰਾਜ ਨੂੰ ਬਰਬਾਦ ਕਰਨ ਵੱਲ ਤੁਰੀ ਹੋਈ ਹੈ। ਉਨ੍ਹਾਂ ਦੱਸਿਆ ਕਿ ਭਾਜਪਾ ਨੇ 11 ਸਾਲਾਂ ਵਿੱਚ ਪੰਜਾਬ ਲਈ ਕੋਈ ਵਿਸ਼ੇਸ਼ ਪੈਕੇਜ ਤਾਂ ਕੀ ਦੇਣਾ ਸੀ, ਪਿਛਲੇ ਸਮੇਂ ਦੌਰਾਨ ਹੜ੍ਹਾਂ ਦੀ ਮਾਰ ਹੇਠ ਆਏ ਲੋਕਾਂ ਨੂੰ ਮੁਆਵਜ਼ਾ ਦੇਣ ਅਤੇ ਦੇਸ਼ ਦੇ ਬਾਰਡਰਾਂ ਦੀ ਸੁਰੱਖਿਆ ’ਤੇ ਹੋ ਰਹੇ ਖਰਚੇ ਲਈ ਵੀ ਕੋਈ ਪੈਸਾ ਨਹੀਂ ਭੇਜਿਆ। ਉਲਟਾ 9 ਹਜ਼ਾਰ ਕਰੋੜ ਰੁਪਿਆ ਆਰਡੀਐੱਫ ਦਾ ਰੋਕ ਕੇ ਪੰਜਾਬ ਦੇ ਵਿਕਾਸ ਕੰਮਾਂ ਨੂੰ ਰੋਕਿਆ ਜਾ ਰਿਹਾ ਹੈ। ਉਨ੍ਹਾਂ ਪੰਜਾਬ ਦੇ 11 ਲੱਖ ਲੋਕਾਂ ਦੇ ਰਾਸ਼ਨ ਕਾਰਡ ਕੱਟਣ ਤੇ ਪਿੰਡਾਂ ਵਿੱਚ ਕੈਂਪ ਲਗਾ ਕੇ ‘ਆਪ’ ਨਿਖੇਧੀ ਕੀਤੀ। ਉਨ੍ਹਾਂ ਮੰਡੀਆਂ ਵਿੱਚ ਮਜ਼ਦੂਰਾਂ ਦੀ 10 ਫੀਸਦੀ ਲੇਬਰ ਵਧਾਏ ਜਾਣ ’ਤੇ ਖੁਸ਼ੀ ਪ੍ਰਗਟ ਕਰਦਿਆਂ ਇਹ ਵੀ ਦੱਸਿਆ ਕਿ ਕੇਂਦਰ ਵੱਲੋਂ ਵਿਕਾਸ ਕੰਮਾਂ ਲਈ ਕੋਈ ਪੈਸਾ ਨਾਂ ਦੇਣ ਦੇ ਬਾਵਜੂਦ 1800 ਕਰੋੜ ਦਾ ਨਬਾਰਡ ਤੋਂ ਕਰਜ਼ਾ ਲੈ ਕੇ ਨੌਂ ਸਾਲਾਂ ਤੋਂ ਜੋ ਸੜਕਾਂ ਨਹੀਂ ਬਣੀਆਂ ਸਨ, ਉਨ੍ਹਾਂ ਨੂੰ ਜਲਦੀ ਬਣਾਇਆ ਜਾ ਰਿਹਾ ਹੈ।