ਕੇਂਦਰ ਨੇ ਡੈਮਾਂ ਨੂੰ ਜਲ ਤੋਪਾਂ ਵਜੋਂ ਵਰਤਿਆ: ਰੰਧਾਵਾ
ਲੋਕ-ਰਾਜ ਪਾਰਟੀ ਪੰਜਾਬ ਦੇ ਪ੍ਰਧਾਨ ਡਾ. ਮਨਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਪੰਜਾਬ ਵਿੱਚ ਆਏ ਹੜ੍ਹਾਂ ਬਾਰੇ ਬੀਬੀਐੱਮਬੀ ਦੇ ਚੇਅਰਮੈਨ ਅਤੇ ਕੇਂਦਰ ਦੇ ਖੇਤੀਬਾੜੀ ਮੰਤਰੀ ਦੇ ਬਿਆਨ ਦੇ ਦਾਅਵੇ ਗੁਮਰਾਹਕੁਨ ਅਤੇ ਰਿਕਾਰਡ ਦੇ ਤੱਥਾਂ ਦੇ ਉਲਟ ਹਨ। ਦੋਵਾਂ ਨੇ ਬੀਬੀਐੱਮਬੀ ਅਤੇ ਕੇਂਦਰ ਸਰਕਾਰ ਦੁਆਰਾ ਜਲ ਤੋਪਾਂ ਵਜੋਂ ਡੈਮਾਂ ਦੀ ਵਰਤੋਂ ਕਰਕੇ ਨਿਭਾਈ ਗਈ ਸ਼ੱਕੀ ਭੂਮਿਕਾ ’ਤੇ ਪਰਦਾ ਪਾਉਣ ਦੀ ਕੋਸ਼ਿਸ਼ ਕੀਤੀ ਹੈ। ਮੀਡੀਆ ਕਲੱਬ ਪਟਿਆਲਾ ਵਿੱਚ ਪ੍ਰੈੱਸ ਕਾਨਫਰੰਸ ਕਰਕੇ ਮਨਜੀਤ ਸਿੰਘ ਰੰਧਾਵਾ ਨੇ ਕਿਹਾ ਕਿ ਡੈਮਾਂ ਦਾ ਕੰਟਰੋਲ ਪੰਜਾਬ ਸਰਕਾਰ ਦੇ ਹੱਥਾਂ ਵਿੱਚ ਨਾ ਹੋਣ ਕਰਕੇ ਹੜ੍ਹ ਆਏ ਹਨ। ਡਾ. ਰੰਧਾਵਾ ਨੇ ਕਿਹਾ ਕਿ ਪੰਜਾਬ ਦੇ ਹੜ੍ਹਾਂ ਦੀ ਤ੍ਰਾਸਦੀ ਇਹ ਹੈ ਕਿ 15 ਅਗਸਤ ਨੂੰ ਪੌਂਗ ਡੈਮ ਤੋਂ ਪਾਣੀ ਛੱਡਣ ਕਾਰਨ ਸ਼ੁਰੂ ਹੋਏ ਮਾਰੂ ਹੜ੍ਹਾਂ ਦਾ ਕਹਿਰ ਹਾਲੇ ਵੀ ਜਾਰੀ ਹੈ। ਜਦੋਂ ਪੰਜਾਬ ਵਿੱਚ ਨਾ ਇਨ੍ਹਾਂ ਦੇ ਸ਼ੁਰੂ ਹੋਣ ਵੇਲੇ ਬਾਰਸ਼ ਸੀ ਅਤੇ ਨਾ ਹੀ ਹੁਣ ਤਕ ਕੋਈ ਭਾਰੀ ਬਾਰਸ਼ ਹੋਈ ਹੈ। ਫਿਰ 43 ਮਨੁੱਖੀ ਮੌਤਾਂ ਅਤੇ ਸੈਂਕੜੇ ਮੱਝਾਂ ਗਾਵਾਂ ਦੀਆਂ ਮੌਤ ਨੂੰ ਮੀਂਹ ਕਾਰਨ ਅਤੇ ਕੁਦਰਤੀ ਤ੍ਰਾਸਦੀ ਕਰਕੇ ਹੋਈਆਂ ਕਿਸ ਤਰ੍ਹਾਂ ਮੰਨਿਆ ਜਾਵੇ। ਇਸ ਦੌਰਾਨ ਹਰਿੰਦਰ ਸਿੰਘ ਬਰਾੜ ਨੇ ਕੇਂਦਰੀ ਮੰਤਰੀ ਅਤੇ ਭਾਖੜਾ ਬੋਰਡ ਦੇ ਦੋਵਾਂ ਦਾਅਵਿਆਂ ਨੂੰ ਠੁਕਰਾ ਦਿੱਤਾ ਕਿ ਹੜ੍ਹ ਕੁਦਰਤੀ ਤੌਰ ਅਤੇ ਅਟੱਲ ਸੀ। ਪੰਜਾਬ ਵਿਦਿਆਰਥੀ ਪਰਿਸ਼ਦ ਫ਼ਰੰਟ ਦੇ ਪ੍ਰਧਾਨ ਅਤੇ ਸੈਫੀ ਜਥੇਬੰਦੀ ਦੇ ਆਗੂ ਯਾਦਵਿੰਦਰ ਸਿੰਘ ਯਾਦੂ ਨੇ ਦੱਸਿਆ ਕਿ 31 ਦਸੰਬਰ ਤੋਂ 19 ਮਈ ਤੱਕ ਰਾਜਸਥਾਨ ਨਹਿਰ ਨੂੰ ਲੰਬੇ ਸਮੇਂ ਲਈ ਬੰਦ ਰੱਖ ਕੇ ਭਾਖੜਾ-ਨੰਗਲ ਅਤੇ ਪੌਂਗ ਡੈਮਾਂ ਵਿੱਚ ਰਾਜਸਥਾਨ ਦੇ ਹਿੱਸੇ ਦਾ ਪਾਣੀ ਸਟੋਰ ਕੀਤਾ ਗਿਆ ਸੀ।