ਕੇਂਦਰ ਨੇ ਟੈਕਸ ’ਚ ਕਟੌਤੀ ਨਾਲ ਦੀਵਾਲੀ ਦਾ ਤੋਹਫ਼ਾ ਦਿੱਤਾ: ਸਰੀਨ
ਭਾਜਪਾ ਪੰਜਾਬ ਦੇ ਜਨਰਲ ਸਕੱਤਰ ਅਨਿਲ ਸਰੀਨ ਦਾ ਕਹਿਣਾ ਹੈ ਕਿ ਕੇਂਦਰ ਵੱਲੋਂ 2 ਲੱਖ ਕਰੋੜ ਦੇ ਟੈਕਸ ਵਿੱਚ ਕਟੌਤੀ ਕਰਕੇ ਲੋਕਾਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ। ਭਾਜਪਾ ਮਹਿਲਾ ਵਿੰਗ ਦੀ ਸੂਬਾਈ ਪ੍ਰਧਾਨ ਬੀਬਾ ਜੈਇੰਦਰ ਕੌਰ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਪੰਜਾਬ ਨੂੰ 443 ਕਰੋੜ ਦੀ ਰਾਜਪੁਰਾ-ਮੁਹਾਲੀ ਰੇਲ ਲਾਈਨ ਅਤੇ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦਿੱਤੀ ਹੈ। ਉਹ ਅੱਜ ਇੱਥੇ ਸਾਂਝੀ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰ ਰਹੇ ਸਨ। ਇਸ ਦੌਰਾਨ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵਿਜੇ ਕੁਮਾਰ ਕੂਕਾ ਤੇ ਹੋਰ ਵੀ ਮੌਜੂਦ ਸਨ। ਜੀ.ਐੱਸ.ਟੀ ਦਰਾਂ ਦੀ ਕਟੌਤੀ ਨੂੰ ਇੱਕ ਇਤਿਹਾਸਕ ਸੁਧਾਰ ਦੱਸਦਿਆਂ ਅਨਿਲ ਸਰੀਨ ਨੇ ਇਸ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਆਰਾ ਦਿੱਤੀ ਗਈ ‘ਦੀਵਾਲੀ ਬੰਪਰ ਪੇਸ਼ਕਸ਼’ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰੋਜ਼ਾਨਾ ਵਰਤੋਂ ਦੀਆਂ ਕਈ ਵਸਤਾਂ ’ਤੇ ਟੈਕਸ 12 ਤੋਂ ਘਟਾ ਕੇ ਸਿਰਫ਼ 5 ਫ਼ੀਸਦ ਕਰ ਦਿੱਤਾ ਗਿਆ ਹੈ। ਜੈਇੰਦਰ ਕੌਰ ਨੇ ਫ਼ਿਰੋਜ਼ਪੁਰ-ਦਿੱਲੀ ਰੂਟ ’ਤੇ ਬਠਿੰਡਾ, ਧੂਰੀ, ਪਟਿਆਲਾ ਅਤੇ ਅੰਬਾਲਾ ਰਾਹੀਂ ਨਵੀਂ ਵੰਦੇ ਭਾਰਤ ਐਕਸਪ੍ਰੈੱਸ ਦੀ ਸ਼ੁਰੂਆਤ ਦਾ ਸਵਾਗਤ ਕੀਤਾ। ਇਸ ਮੌਕੇ ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਤੇ ਹੋਰ ਵੀ ਮੌਜੂਦ ਸਨ।