ਨਾਬਾਲਗ ਨਾਲ ਜਬਰ-ਜਨਾਹ ਦੇ ਦੋਸ਼ ਹੇਠ ਤਿੰਨ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ
ਪਾਤੜਾਂ ਪੁਲੀਸ ਨੇ ਇਸ ਮਾਮਲੇ ਵਿੱਚ ਇੱਕ ਔਰਤ ਸਮੇਤ ਤਿੰਨ ਵਿਅਕਤੀਆਂ ਨੂੰ ਹਿਰਾਸਤ ਵਿੱਚ ਲਿਆ ਹੈ। ਮੁਲਜ਼ਮਾਂ ਵਿੱਚ ਪਾਤੜਾਂ ਦੀ ਵਸਨੀਕ ਸਰੋਜ ਰਾਣੀ, ਜਤਿੰਦਰ ਸਿੰਘ ਅਤੇ ਸੰਗਰੂਰ ਦਾ ਵਸਨੀਕ ਸੁਖਦਰਸ਼ਨ ਸਿੰਘ ਸ਼ਾਮਲ ਹਨ।
ਸਥਾਨਕ ਹਸਪਤਾਲ ਵਿੱਚ ਪੀੜਤ ਲੜਕੀ ਦੀ ਮੈਡੀਕਲ ਜਾਂਚ ਕਰਵਾਉਣ ਲਈ ਪਹੁੰਚੇ ਮਾਮਲੇ ਦੇ ਜਾਂਚ ਅਧਿਕਾਰੀ, ਪਾਤੜਾਂ ਪੁਲੀਸ ਦੇ ਏਐਸਆਈ ਜਗਤਾਰ ਰਾਮ ਨੇ ਦੱਸਿਆ ਕਿ ਪੀੜਤਾ ਵੱਲੋਂ ਪੁਲੀਸ ਨੂੰ ਦਰਜ ਕਰਵਾਈ ਗਈ ਸ਼ਿਕਾਇਤ ਅਨੁਸਾਰ ਉਸਦੀ ਮਾਂ ਦੀ ਜਾਣ-ਪਛਾਣ ਵਾਲੀ ਔਰਤ ਸਰੋਜ ਰਾਣੀ ਨੇ ਉਸਨੂੰ ਨੌਕਰੀ ਦਿਵਾਉਣ ਦਾ ਝਾਂਸਾ ਦੇ ਕੇ ਪਾਤੜਾਂ ਸਥਿਤ ਆਪਣੇ ਘਰ ਰੱਖ ਲਿਆ ਅਤੇ ਇੱਕ ਦਿਨ ਉਸਨੂੰ ਇੱਕ ਵਿਅਕਤੀ ਨਾਲ ਹੋਟਲ ਭੇਜ ਦਿੱਤਾ, ਜਿਸਨੇ ਉਸਨੂੰ ਧੋਖਾ ਦੇ ਕੇ ਸਰੀਰਕ ਸਬੰਧ ਬਣਾ ਲਏ ਅਤੇ ਉਸਦੀ ਵੀਡੀਓ ਬਣਾ ਲਈ। ਇਸ ਤੋਂ ਬਾਅਦ, ਉਸਦੀ ਵੀਡੀਓ ਵਾਇਰਲ ਕਰਨ ਦੀ ਧਮਕੀ ਦੇ ਕੇ ਇੱਕ ਹੋਰ ਵਿਅਕਤੀ ਵੱਲੋਂ ਉਸਨੂੰ ਹੋਟਲ ਲੈ ਜਾ ਕੇ ਜਬਰ-ਜਨਾਹ ਕੀਤਾ ਗਿਆ। ਕੁਝ ਸਮੇਂ ਬਾਅਦ ਉਸਨੂੰ ਗਰਭਵਤੀ ਹੋਣ ਬਾਰੇ ਪਤਾ ਲੱਗਾ ਅਤੇ ਉਸਨੇ ਇੱਕ ਬੱਚੀ ਨੂੰ ਜਨਮ ਦਿੱਤਾ, ਜਿਸਦੀ ਬਾਅਦ ਵਿੱਚ ਮੌਤ ਹੋ ਗਈ। ਅਧਿਕਾਰੀ ਅਨੁਸਾਰ ਪੁਲੀਸ ਵੱਲੋਂ ਮੁਲਜ਼ਮਾਂ ਨੂੰ ਹਿਰਾਸਤ ਵਿੱਚ ਲੈ ਕੇ ਅਦਾਲਤ ਵਿੱਚ ਪੇਸ਼ ਕਰ ਕੇ ਪੁਲੀਸ ਰਿਮਾਂਡ ’ਤੇ ਲੈ ਕੇ ਕਾਰਵਾਈ ਕੀਤੀ ਜਾ ਰਹੀ ਹੈ।