ਕੁੱਟਮਾਰ ਦੇ ਦੋਸ਼ ਹੇਠ ਪੰਜ ਜਣਿਆਂ ਖ਼ਿਲਾਫ਼ ਕੇਸ ਦਰਜ
ਸਾਂਝੇ ਘਰ ਦੀ ਕੰਧ ਢਾਹੁਣ ਕਾਰਨ ਹੋਏ ਝਗੜੇ ਤੋਂ ਬਾਅਦ ਛੋਟੇ ਭਰਾ ਅਤੇ ਉਸ ਦੀ ਪਤਨੀ ਨਾਲ ਕੁੱਟਮਾਰ ਕਰਨ ਅਤੇ ਧਮਕਾਉਣ ਦੇ ਦੋਸ਼ ਹੇਠ ਸਿਟੀ ਪੁਲੀਸ ਨੇ ਪਤੀ-ਪਤਨੀ ਅਤੇ ਪੁੱਤਰ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਵਿੱਚ ਸਰਬਦਿਆਲ ਸਿੰਘ, ਉਸ ਦੀ ਪਤਨੀ ਅਮਰਜੀਤ ਕੌਰ, ਪੁੱਤਰ ਹਰਸਿਮਰਨ ਸਿੰਘ ਸਾਰੇ ਵਾਸੀ ਅਜੀਤ ਨਗਰ ਕਮਾਸਪੁਰ ਰੋਡ , ਗੁਰਪ੍ਰੀਤ ਸਿੰਘ ਵਾਸੀ ਪਿੰਡ ਡਰੌਲੀ ਅਤੇ ਇੱਕ ਅਣਪਛਾਤਾ ਵਿਅਕਤੀ ਸ਼ਾਮਲ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਿਸ ਦੇ ਏਐੱਸਆਈ ਧਰਮਿੰਦਰ ਸਿੰਘ ਨੇ ਦੱਸਿਆ ਕਿ ਅਜੀਤ ਨਗਰ ਸਮਾਣਾ ਦੇ ਵਸਨੀਕ ਹਰਮੀਤ ਸਿੰਘ ਵੱਲੋਂ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਕੰਧ ਢਾਹੁਣ ਦੀ ਰੰਜਿਸ਼ ਕਾਰਨ 20 ਅਗਸਤ ਦੀ ਰਾਤ 8:00 ਵਜੇ ਮੁਲਜ਼ਮਾਂ ਨੇ ਉਸ ਨੂੰ ਘਰ ਦੇ ਵਿਹੜੇ ਵਿੱਚ ਘੇਰ ਕੇ ਕੁੱਟਮਾਰ ਕੀਤੀ। ਜਦੋਂ ਉਸ ਦੀ ਪਤਨੀ ਸ਼ਰਨਦੀਪ ਕੌਰ ਉਸ ਨੂੰ ਛੁਡਾਉਣ ਆਈ ਤਾਂ ਉਸ ਦੀ ਵੀ ਕੁੱਟਮਾਰ ਕੀਤੀ ਗਈ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ। ਉਨ੍ਹਾਂ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਹਸਪਤਾਲ ਦਾਖ਼ਲ ਕਰਵਾਇਆ ਗਿਆ। ਅਧਿਕਾਰੀ ਅਨੁਸਾਰ ਜ਼ਖ਼ਮੀ ਅਜੇ ਵੀ ਪਟਿਆਲਾ ਦੇ ਹਸਪਤਾਲ ਵਿੱਚ ਜ਼ੇਰੇ ਇਲਾਜ ਹਨ ਅਤੇ ਪੁਲਿਸ ਨੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਸ਼ੁਰੂ ਕਰ ਦਿੱਤੀ ਹੈ।