ਕਬਜ਼ਾ ਲੈਣ ਮਗਰੋਂ ਨਿਗਮ ਵੱਲੋਂ ਲਾਇਆ ਬੋਰਡ ਪੁੱਟਣ ਦਾ ਮਾਮਲਾ ਭਖ਼ਿਆ
ਇਸ ਸਬੰਧੀ ਪਤਾ ਲੱਗਦਿਆਂ ਹੀ ਮੇਅਰ ਕੁੰਦਨ ਗੋਗੀਆਤੇ ਕਮਿਸ਼ਨਰ ਪਰਮਵੀਰ ਸਿੰਘ ਦੀ ਅਗਵਾਈ ਵਿੱਚ ਕਬਜ਼ਾਧਾਰਕਾਂ ਖ਼ਿਲਾਫ਼ ਅਗਾਊਂ ਰਣਨੀਤੀ ਤਿਆਰ ਕੀਤੀ ਗਈ। ਮੇਅਰ ਨੇ ਕਿਹਾ ਕਿ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਕੋਲ ਮਲਕੀਅਤ ਦੇ ਸਾਰੇ ਦਸਤਾਵੇਜ਼ ਮੌਜੂਦ ਹਨ ਅਤੇ ਇਹ ਕਬਜ਼ਾਧਾਰਕਾਂ ਨੂੰ ਨਿਗਮ ਟੀਮ ਵੱਲੋਂ ਦਿਖਾਏ ਵੀ ਗਏ ਸਨ। ਬਲਕਿ ਨਿਗਮ ਟੀਮ ਵੱਲੋਂ ਸਾਰੀ ਕਾਨੂੰਨੀ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਹੀ ਜ਼ਮੀਨ ਦਾ ਕਬਜ਼ਾ ਲਿਆ ਗਿਆ ਸੀ। ਮੇਅਰ ਨੇ ਸਪੱਸ਼ਟ ਕੀਤਾ ਕਿ ਸ਼ਹਿਰ ਦੀ ਜ਼ਮੀਨ ਲੋਕਾਂ ਦੀ ਸਾਂਝੀ ਧਰੋਹਰ ਹੈ ਅਤੇ ਇਸ ਨੂੰ ਕਿਸੇ ਨਿੱਜੀ ਲਾਭ ਲਈ ਵਰਤਣਾ ਗ਼ਲਤ ਹੈ। ਉਨ੍ਹਾਂ ਕਿਹਾ, ‘‘ਜੋ ਵੀ ਵਿਅਕਤੀ ਜਾਂ ਗਰੋਹ ਕਾਨੂੰਨੀ ਪ੍ਰਕਿਰਿਆ ਤੋਂ ਬਿਨਾਂ ਜ਼ਮੀਨ ’ਤੇ ਕਬਜ਼ਾ ਜਾਂ ਸਰਕਾਰੀ ਕੰਮ ਵਿੱਚ ਦਖ਼ਲ ਅੰਦਾਜ਼ੀ ਕਰੇਗਾ, ਉਸ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।’’ ਮੇਅਰ ਗੋਗੀਆ ਨੇ ਨਾਗਰਿਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਨਿਗਮ ਦਾ ਸਾਥ ਦੇਣ ਅਤੇ ਜੇਕਰ ਕਿਸੇ ਵੀ ਥਾਂ ਉੱਤੇ ਗੈਰ-ਕਾਨੂੰਨੀ ਕਬਜ਼ੇ ਬਾਰੇ ਜਾਣਕਾਰੀ ਮਿਲੇ ਤਾਂ ਤੁਰੰਤ ਨਿਗਮ ਨੂੰ ਸੂਚਿਤ ਕਰਨ। ਮੇਅਰ ਨੇ ਚਿਤਾਵਨੀ ਦਿੱਤੀ ਕਿ ਭਵਿੱਖ ਵਿੱਚ ਜੇਕਰ ਕੋਈ ਵੀ ਨਾਜਾਇਜ਼ ਕਬਜ਼ਾ ਕਰਦਾ ਪਾਇਆ ਗਿਆ ਤਾਂ ਉਸ ਖ਼ਿਲਾਫ਼ ਨਾ ਸਿਰਫ਼ ਕਬਜ਼ਾ ਹਟਾਉਣ ਦੀ ਕਾਰਵਾਈ ਹੋਵੇਗੀ, ਸਗੋਂ ਜੁਰਮਾਨਾ ਵੀ ਲਾਇਆ ਜਾਵੇਗਾ।