ਕਾਰ ਦਰੱਖ਼ਤ ਨਾਲ ਟਕਰਾਈ; ਔਰਤ ਸਣੇ ਦੋ ਹਲਾਕ
ਇੱਥੇ ਸਮਾਣਾ-ਪਾਤੜਾਂ ਰੋਡ ’ਤੇ ਪਿੰਡ ਸ਼ਾਹਪੁਰ ਨੇੜੇ ਇੱਕ ਕਾਰ ਦੇ ਦਰੱਖ਼ਤ ਵਿੱਚ ਵੱਜਣ ਕਾਰਨ ਕਾਰ ਚਾਲਕ ਸਣੇ ਇੱਕ ਔਰਤ ਦੀ ਮੌਤ ਹੋ ਗਈ ਜਦੋਂਕਿ ਦੋ ਗੰਭੀਰ ਜ਼ਖ਼ਮੀ ਹੋ ਗਈਆਂ ਜਿਨ੍ਹਾਂ ਨੂੰ ਤੁਰੰਤ ਸਮਾਣਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ ਜਿੱਥੇ ਉਨ੍ਹਾਂ ਦੀ ਹਾਲਤ ਗੰਭੀਰ ਦੇਖਦਿਆਂ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਉਪਰੰਤ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ। ਇਹ ਸਾਰੇ ਪਟਿਆਲਾ ਤੋਂ ਨਰਵਾਣਾ ਵਿੱਚ ਕਿਸੇ ਰਿਸ਼ਤੇਦਾਰ ਦੇ ਭੋਗ ਸਮਾਗਮ ਤੋਂ ਵਾਪਸ ਆ ਰਹੇ ਸਨ ਕਿ ਕਾਰ ਅਚਾਨਕ ਸੜਕ ਕਿਨਾਰੇ ਖੜ੍ਹੇ ਦਰੱਖ਼ਤ ਨਾਲ ਜਾ ਟਕਰਾਈ ਜਿਸ ਕਾਰਨ ਅਭਿਸ਼ੇਕ ਗੋਇਲ ਅਤੇ ਪ੍ਰਵੀਨ ਵਰਮਾ ਨਾਮੀਂ ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਕਾਰ ਵਿੱਚ ਸਵਾਰ ਸ਼ਸ਼ੀ ਵਾਲਾ ਅਤੇ ਅੰਜੂ ਵਰਮਾ ਗੰਭੀਰ ਜ਼ਖ਼ਮੀ ਹੋ ਗਈਆਂ। ਇਸ ਦੌਰਾਨ ਮਵੀ ਪੁਲੀਸ ਚੌਕੀ ਇੰਚਾਰਜ ਏਐੱਸਆਈ ਹਰਦੀਪ ਸਿੰਘ ਵਿਰਕ ਨੇ ਦੱਸਿਆ ਕਿ ਮੁੱਢਲੀ ਜਾਂਚ ਦੌਰਾਨ ਲੱਗਦਾ ਹੈ ਕਿ ਕਾਰ ਚਾਲਕ ਦੀ ਅੱਖ ਲੱਗਣ ਕਾਰਨ ਇਹ ਹਾਦਸਾ ਵਾਪਰਿਆ ਜਾਪਦਾ ਹੈ। ਉਨ੍ਹਾਂ ਕਿਹਾ ਕਿ ਬਾਕੀ ਪੜਤਾਲ ਪੂਰੀ ਹੋਣ ਉਪਰੰਤ ਹੀ ਕੁਝ ਕਿਹਾ ਜਾ ਸਕਦਾ ਹੈ। ਉਨ੍ਹਾਂ ਦੱਸਿਆ ਕਿ ਜ਼ਖ਼ਮੀਆਂ ਦੀ ਹਾਲਤ ਗੰਭੀਰ ਹੋਣ ਕਾਰਨ ਉਨ੍ਹਾਂ ਨੂੰ ਮੁੱਢਲੀ ਸਹਾਇਤਾ ਦੇਣ ਉਪਰੰਤ ਪਟਿਆਲਾ ਦੇ ਰਜਿੰਦਰਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ ਹੈ।
 
 
             
            