ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ ਮੋਮਬੱਤੀ ਮਾਰਚ 2 ਨੂੰ
ਸਰਕੁਲਰ ਰੋਡ ਉੱਪਰ ਪਿਛਲੇ ਇੱਕ ਹਫ਼ਤੇ ਵਿੱਚ ਵੱਖ-ਵੱਖ ਸੜਕ ਹਾਦਸਿਆਂ ਦੌਰਾਨ ਇੱਕ ਬੱਚੇ ਸਮੇਤ ਤਿੰਨ ਜਣਿਆਂ ਦੀ ਮੌਤ ਹੋ ਜਾਣ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਸਾਲਾਂ ਤੋਂ ਸੜਕ ਉੱਪਰ ਸੁਰੱਖਿਆ ਪ੍ਰਬੰਧਾਂ ਦੀ ਮੰਗ ਕਰਦੇ ਸ਼ਹਿਰ ਵਾਸੀਆਂ ਅਤੇ ਮ੍ਰਿਤਕਾਂ ਦੇ ਪਰਿਵਾਰਾਂ ਵੱਲੋਂ 2 ਨਵੰਬਰ ਨੂੰ ਰੋਸ ਵਜੋਂ ਮੋਮਬੱਤੀ ਮਾਰਚ ਕਰਨ ਦਾ ਐਲਾਨ ਕੀਤਾ ਗਿਆ ਹੈ। ਹਾਦਸਿਆਂ ਲਈ ਬਦਨਾਮ ਸਰਵਪ੍ਰਿਆ ਹੋਟਲ ਚੌਕ ਵਿੱਚ ਇੱਕ ਟਰਾਲੇ ਵੱਲੋਂ ਸਕੂਟੀ ਨੂੰ ਮਾਰੀ ਟੱਕਰ ਵਿੱਚ ਇੱਕ ਮਹਿਲਾ ਜ਼ਖਮੀ ਹੋ ਗਈ ਤੇ ਉਸਦੇ 9 ਸਾਲਾ ਪੁੱਤਰ ਨੇਹਾਣ ਦੀ ਮੌਤ ਹੋ ਗਈ। ਇੱਕ ਟਰੱਕ ਵੱਲੋਂ ਮਿਲਨ ਪੈਲੇਸ ਕੋਲ ਮੋਟਰਸਾਈਕਲ ਨੂੰ ਟੱਕਰ ਮਾਰੇ ਜਾਣ ’ਤੇ 19 ਸਾਲਾ ਖੁਸ਼ਪ੍ਰੀਤ ਸਿੰਘ ਮਾਝੀ ਦੀ ਹਸਪਤਾਲ ਵਿੱਚ ਮੌਤ ਹੋ ਗਈ ਤੇ ਇੱਕ ਲੜਕੀ ਵੀ ਗੰਭੀਰ ਜ਼ਖ਼ਮੀ ਹੋਈ। ਇਸੇ ਤਰ੍ਹਾਂ ਰੋਹਟੀ ਪੁਲ ਨਜ਼ਦੀਕ ਠੇਕੇ ਕੋਲ ਇੱਕ ਟਰੱਕ ਵੱਲੋਂ ਮੋਟਰਸਾਈਕਲ ਨੂੰ ਮਾਰੀ ਟੱਕਰ ’ਚ 30 ਸਾਲਾ ਦਲਬੀਰ ਸਿੰਘ ਦੀ ਜਾਨ ਗਈ।
ਸ਼ਿਵਾ ਐਨਕਲੇਵ ਐਸੋਸੀਏਸ਼ਨ ਦੇ ਪ੍ਰਧਾਨ ਧੀਰ ਸਿੰਘ ਨੇ ਦੱਸਿਆ ਕਿ ਉਹ ਦੋ ਸਾਲਾਂ ਤੋਂ ਪ੍ਰਸ਼ਾਸਨ ਨੂੰ ਅਰਜ਼ੀਆਂ ਦੇ ਦੇ ਕੇ ਥੱਕ ਚੁੱਕੇ ਹਨ ਪਰ ਪ੍ਰਸ਼ਾਸਨ ਵੱਲੋਂ ਇਸ ਸੜਕ ਉੱਪਰ ਓਵਰਸਪੀਡਿੰਗ ਰੋਕਣ ਜਾਂ ਹਾਦਸਿਆਂ ਨੂੰ ਕਾਬੂ ਕਰਨ ਲਈ ਇੱਕ ਵੀ ਕਦਮ ਨਹੀਂ ਚੁੱਕਿਆ ਗਿਆ। ਦਸੰਬਰ 2024 ਵਿੱਚ ਲਗਭਗ 300 ਸ਼ਹਿਰ ਵਾਸੀਆਂ ਵੱਲੋਂ ਹਸਤਾਖਰ ਕਰ ਕੇ ਨਾਭਾ ਐੱਸਡੀਐੱਮ ਦਫ਼ਤਰ ਵਿੱਚ ਸੜਕ ਸੁਰੱਖਿਆ ਪ੍ਰਬੰਧਾਂ ਦੀ ਮੰਗ ਦਰਜ ਕਰਵਾਈ ਗਈ ਸੀ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਅਮਲ ’ਚ ਨਾ ਲਿਆਉਣ ਕਾਰਨ ਹੁਣ ਸ਼ਹਿਰ ਵਾਸੀਆਂ ਵੱਲੋਂ ਐਤਵਾਰ ਨੂੰ ਰੋਸ ਵਜੋਂ ਮੋਮਬੱਤੀ ਮਾਰਚ ਐਲਾਨਿਆ ਗਿਆ ਹੈ। ਮ੍ਰਿਤਕ ਨੇਹਾਣ ਅਤੇ ਖੁਸ਼ਪ੍ਰੀਤ ਸਿੰਘ ਦੇ ਪਰਿਵਾਰ ਵੀ ਇਸ ਰੋਸ ਵਿੱਚ ਸ਼ਾਮਲ ਹੋਣਗੇ। ਇਸ ਸੜਕ ’ਤੇ ਛੋਟੇ-ਵੱਡੇ ਹਾਦਸੇ ਦੇ ਸ਼ਿਕਾਰ ਹੋਏ ਇਲਾਕਾ ਵਾਸੀ ਇਸ ਮਾਰਚ ਵਿੱਚ ਪਹੁੰਚਣਗੇ। ਨਾਭਾ ਵਾਸੀ ਕੁਲਵਿੰਦਰ ਕੌਰ ਨੇ ਅਫ਼ਸੋਸ ਜਤਾਇਆ ਕਿ ਵਾਰ-ਵਾਰ ਮੰਗ ਦੇ ਬਾਵਜੂਦ ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਇਸ ਗੰਭੀਰ ਮਾਮਲੇ ਨੂੰ ਨਜ਼ਰ-ਅੰਦਾਜ਼ ਕੀਤਾ ਹੋਇਆ ਹੈ। ਐਡਵੋਕੇਟ ਸਨੀ ਰਹੇਜਾ ਨੇ ਕਿਹਾ ਕਿ ਇਸ ਪੰਜ ਕਿਲੋਮੀਟਰ ਦੀ ਸੜਕ ’ਤੇ ਨਾ ਕਿਤੇ ਕੋਈ ਟਰੈਫਿਕ ਲਾਈਟਾਂ ਹਨ, ਨਾ ਸਪੀਡ ਬ੍ਰੇਕਰ ਹਨ ਤੇ ਟਰੈਫਿਕ ਪੁਲੀਸ ਵੀ ਜ਼ਿਆਦਾਤਰ ਵੀ ਆਈ ਪੀ ਡਿਊਟੀ ਵਿੱਚ ਮਸ਼ਰੂਫ ਰਹਿੰਦੀ ਹੈ ਤੇ ਨਾ ਹੀ ਉਨ੍ਹਾਂ ਕੋਲ ਸਪੀਡ ਚੈੱਕ ਕਰਨ ਵਾਲੇ ਯੰਤਰ ਹਨ।
ਐਕਸੀਅਨ ਗੌਰਵ ਸਿੰਗਲਾ ਨੇ ਕਿਹਾ ਕਿ ਉਹ ਇਸ ਸੜਕ ਉੱਪਰ ਟਰੈਫਿਕ ਇੰਜਨੀਅਰ ਸਰਵੇਖਣ ਕਰਵਾਉਣ ਦੀ ਸੋਚ ਰਹੇ ਹਨ।
