ਸਰਕੁਲਰ ਰੋਡ ਤੋਂ ਹਾਦਸੇ ਘਟਾਉਣ ਲਈ ਮੋਮਬੱਤੀ ਮਾਰਚ
ਨਾਭਾ ਵਾਸੀਆਂ ਨੇ ਸਡ਼ਕ ਹਾਦਸਿਆਂ ’ਚ ਮਾਰੇ ਗਏ ਲੋਕਾਂ ਨੂੰ ਸ਼ਰਧਾਂਜਲੀ ਭੇਟ ਕੀਤੀ
Advertisement
ਇੱਥੇ ਸਰਕੁਲਰ ਰੋਡ ਉੱਤੇ ਆਏ ਦਿਨ ਵਾਪਰ ਰਹੇ ਹਾਦਸਿਆਂ ਸਬੰਧੀ ਸ਼ਹਿਰ ਨਾਭਾ ਦੇ ਵਸਨੀਕਾਂ ਨੇ ਮੋਮਬੱਤੀ ਮਾਰਚ ਕੀਤਾ। ਇਸ ਤੋਂ ਪਹਿਲਾਂ ਲੋਕ ਇੱਥੇ ਸ਼ਾਹੀ ਸਮਾਧਾਂ ’ਚ ਇਕੱਤਰ ਹੋਏ ਜਿੱਥੇ ਇਸ ਸੜਕ ’ਤੇ ਮਾਰੇ ਗਏ ਨਾਗਰਿਕਾਂ ਦੇ ਪਰਿਵਾਰਾਂ ਨੇ ਹਾਦਸੇ ਤੋਂ ਬਾਅਦ ਆਪਣੇ ਘਰ ਦੇ ਹਾਲਾਤ ਸੁਣਾਏ। ਪੀੜਤ ਪਰਿਵਾਰਾਂ ਵੱਲੋਂ ਬਿਆਨੀਆਂ ਹੱਡਬੀਤੀਆਂ ਨੇ ਗ੍ਰਹਿਣੀਆਂ, ਡਾਕਟਰਾਂ, ਵਪਾਰੀਆਂ, ਸਨਅਤਕਾਰਾਂ, ਵਕੀਲਾਂ, ਸਰਕਾਰੀ ਮੁਲਾਜ਼ਮਾਂ, ਕੌਂਸਲਰਾਂ, ਸਿਆਸੀ ਤੇ ਸਮਾਜਿਕ ਜਥੇਬੰਦੀਆਂ ਦੇ ਆਗੂਆਂ ਸਮੇਤ ਪਹੁੰਚੇ ਸ਼ਹਿਰ ਵਾਸੀਆਂ ਦੇ ਇਕੱਠ ਨੂੰ ਭਾਵੁਕ ਕਰ ਦਿੱਤਾ।ਹਾਦਸੇ ਮਗਰੋਂ ਕਿਸੇ ਦਾ ਬਚਪਨ ਰੁਲ ਗਿਆ, ਕਿਸੇ ਦਾ ਬੁਢਾਪਾ ਤੇ ਕਿਸੇ ਨੇ ਭਰੀ ਜਵਾਨੀ ’ਚ ਜੀਵਨ ਸਾਥੀ ਗੁਆ ਦਿੱਤਾ। ਲਗਭਗ 15 ਮ੍ਰਿਤਕਾਂ ਦੇ ਪਰਿਵਾਰਕ ਮੈਂਬਰ ਇਸ ਇਕੱਠ ਵਿੱਚ ਪਹੁੰਚੇ। ਹਰ ਕਿਸੇ ਨੇ ਜਿੱਥੇ ਬੇਵਕਤੀ ਮੌਤ ਦੇ ਪਰਿਵਾਰ ਉੱਪਰ ਪਏ ਪ੍ਰਭਾਵਾਂ ਬਾਰੇ ਦੱਸਿਆ, ਉੱਥੇ ਹੀ ਸਭ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਨੂੰ ਕਿਸੇ ਤਰ੍ਹਾਂ ਦਾ ਮੁਆਵਜ਼ਾ ਨਹੀਂ ਮਿਲਿਆ। ਹਾਦਸੇ ਲਈ ਕਥਿਤ ਤੌਰ ’ਤੇ ਕਸੂਰਵਾਰ ਧਿਰ ਵੱਲੋਂ ਵੀ ਕੋਈ ਮੁਆਵਜ਼ਾ ਨਹੀਂ ਦਿੱਤਾ ਗਿਆ। ਡੀ ਸੀ ਵੱਲੋਂ ਮਿਲਣ ਵਾਲਾ ਹਿੱਟ ਐਂਡ ਰਨ ਦਾ ਮੁਆਵਜ਼ਾ ਵੀ ਕਿਸੇ ਨੂੰ ਨਹੀਂ ਮਿਲਿਆ।
ਹੱਥਾਂ ’ਚ ਪ੍ਰਸ਼ਾਸਨ ਖਿਲਾਫ਼ ਤਖ਼ਤੀਆਂ ਅਤੇ ਮੋਮਬੱਤੀਆਂ ਲੈ ਕੇ ਲੋਕ ਉਸ ਥਾਂ ਤੱਕ ਤੁਰ ਕੇ ਗਏ ਜਿੱਥੇ 9 ਸਾਲਾ ਨੇਹਾਨ ਦੀ ਮੌਤ ਹੋਈ ਸੀ। ਮੋਮਬੱਤੀ ਮਾਰਚ ਦੇ ਮੁੱਖ ਪ੍ਰਬੰਧਕ ਐਡਵੋਕੇਟ ਰੀਤ ਇਕਬਾਲ ਸਿੰਘ ਮਝੈਲ ਨੇ ਕਿਹਾ ਕਿ ਲੋਕ ਪ੍ਰਸ਼ਾਸਨ ਨੂੰ ਦੋ ਸਾਲਾਂ ਤੋਂ ਸੁਰੱਖਿਆ ਪ੍ਰਬੰਧਾਂ ਲਈ ਅਰਜ਼ੀਆਂ ਦੇ ਰਹੇ ਸਨ ਪਰ ਪ੍ਰਸ਼ਾਸਨ ਵੱਲੋਂ ਕੋਈ ਕਦਮ ਨਹੀਂ ਚੁੱਕਿਆ ਗਿਆ ਸੀ। ਜ਼ਿਕਰਯੋਗ ਹੈ ਕਿ ਮੋਮਬੱਤੀ ਮਾਰਚ ਤੋਂ ਇੱਕ ਦਿਨ ਪਹਿਲਾਂ ਹੀ ਪ੍ਰਸ਼ਾਸਨ ਨੇ ਸਾਰੀ ਸੜਕ ਤੋਂ ਜ਼ਿਆਦਾਤਰ ਨਾਜਾਇਜ਼ ਕਬਜ਼ੇ ਹਟਾ ਦਿੱਤੇ ਸਨ।
Advertisement
ਐੱਸ ਐੱਚ ਓ ਸਰਬਜੀਤ ਸਿੰਘ ਚੀਮਾ ਨੇ ਦੱਸਿਆ ਕਿ ਪਟਿਆਲਾ ਦੇ ਡੀ ਸੀ ਵੱਲੋਂ ਨਾਭਾ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਸੀ ਜਿਸ ਵਿੱਚ ਉਨ੍ਹਾਂ ਸੜਕ ਉੱਪਰ ਤਿੰਨ ਥਾਵਾਂ ’ਤੇ ਟਰੈਫਿਕ ਲਾਈਟ ਲਗਾਉਣ ਦੇ ਹੁਕਮ ਦਿੱਤੇ ਸਨ ਤੇ ਵਾਹਨਾਂ ਦੀ ਸਪੀਡ ਘਟਾਉਣ ਲਈ ਸਪੀਡ ਬਰੇਕਰ ਲਗਾਉਣ ਲਈ ਕਿਹਾ ਸੀ। ਉਨ੍ਹਾਂ ਕਿਹਾ ਕਿ ਉਹ ਦਿਨ ਵਿੱਚ ਕੁਝ ਘੰਟਿਆਂ ਲਈ ਟਰੱਕਾਂ ਨੂੰ ਇਸ ਸੜਕ ’ਤੇ ਆਉਣ ਤੋਂ ਰੋਕਣ ਦਾ ਵੀ ਪ੍ਰਬੰਧ ਕਰ ਰਹੇ ਹਨ।
Advertisement
