ਪਟਿਆਲਾ ਨੂੰ ਕਬਜ਼ਾ-ਮੁਕਤ ਬਣਾਉਣ ਲਈ ਮੁਹਿੰਮ ਤੇਜ਼
ਸ਼ਾਹੀ ਸ਼ਹਿਰ ਪਟਿਆਲਾ ਨੂੰ ਕਬਜ਼ਾ ਮੁਕਤ ਅਤੇ ਟਰੈਫ਼ਿਕ ਜਾਮ ਤੋਂ ਰਹਿਤ ਬਣਾਉਣ ਲਈ ਨਗਰ ਨਿਗਮ ਵੱਲੋਂ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਦੀ ਅਗਵਾਈ ਹੇਠ ਇੰਸਪੈਕਟਰ ਵਿਸ਼ਾਲ ਵਰਮਾ ਅਤੇ ਇੰਸਪੈਕਟਰ ਗਗਨ ਵੱਲੋਂ ਨਿਗਮ ਟੀਮ ਸਮੇਤ ਲਗਾਤਾਰ ਕਾਰਵਾਈ ਕੀਤੀ ਜਾ ਰਹੀ ਹੈ। ਇਸ ਮੁਹਿੰਮ ਅਧੀਨ ਅੱਜ ਸੰਗਰੂਰ ਰੋਡ, ਭਾਦਸੋਂ ਰੋਡ, ਤ੍ਰਿਪੜੀ ਰੋਡ, ਤ੍ਰਿਪੜੀ ਬਾਜ਼ਾਰ, ਗਰੀਨ ਐਵੀਨਿਊ ਕਲੋਨੀ, ਇੰਦਰਾਪੁਰੀ ਕਲੋਨੀ ਅਤੇ ਨੇੜਲੇ ਹੋਰ ਬਹੁਤ ਸਾਰੇ ਇਲਾਕਿਆਂ ਵਿੱਚ ਨਿਗਮ ਦੀ ਲੈਂਡ ਸ਼ਾਖਾ ਵੱਲੋਂ ਨਿਗਰਾਨੀ ਕੀਤੀ ਗਈ।
ਇਸ ਕਾਰਵਾਈ ਦੌਰਾਨ ਜਿਨ੍ਹਾਂ ਦੁਕਾਨਦਾਰਾਂ ਨੇ ਆਪਣਾ ਸਾਮਾਨ ਸੜਕਾਂ ਅਤੇ ਫੁਟਪਾਥਾਂ ’ਤੇ ਰੱਖਿਆ ਹੋਇਆ ਸੀ, ਉਹ ਮੌਕੇ ’ਤੇ ਜ਼ਬਤ ਕਰ ਲਿਆ ਗਿਆ। ਨਿਗਮ ਅਧਿਕਾਰੀਆਂ ਨੇ ਸਪਸ਼ਟ ਕੀਤਾ ਕਿ ਸੜਕਾਂ ਅਤੇ ਫੁਟਪਾਥਾਂ ਦਾ ਉਪਯੋਗ ਸਿਰਫ਼ ਆਮ ਜਨਤਾ ਲਈ ਹੈ ਨਾ ਕਿ ਨਿੱਜੀ ਵਪਾਰਕ ਵਰਤੋਂ ਲਈ।
ਅਧਿਕਾਰੀਆਂ ਨੇ ਚਿਤਾਵਨੀ ਦਿੱਤੀ ਕਿ ਜੇਕਰ ਕਿਸੇ ਨੇ ਮੁੜ ਕਬਜ਼ਾ ਕੀਤਾ ਤਾਂ ਉਨ੍ਹਾਂ ਖ਼ਿਲਾਫ਼ ਜੁਰਮਾਨੇ ਜ਼ਰੀਏ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਵਪਾਰੀਆਂ ਨੂੰ ਕਿਹਾ ਗਿਆ ਕਿ ਉਹ ਨਿਯਮਾਂ ਦੀ ਪਾਲਣਾ ਕਰਨ ਤਾਂ ਜੋ ਸ਼ਹਿਰ ਦੀ ਸੁੰਦਰਤਾ ਅਤੇ ਆਵਾਜਾਈ ਪ੍ਰਣਾਲੀ ਸੁਚਾਰੂ ਰਹੇ।
ਨਗਰ ਨਿਗਮ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਹ ਮੁਹਿੰਮ ਅਗਲੇ ਦਿਨਾਂ ਵਿੱਚ ਹੋਰ ਤੇਜ਼ ਕੀਤੀ ਜਾਵੇਗੀ। ਜਨਤਾ ਵੱਲੋਂ ਨਿਗਮ ਦੀ ਇਸ ਕਾਰਵਾਈ ਦਾ ਸਵਾਗਤ ਕੀਤਾ ਜਾ ਰਿਹਾ ਹੈ ਅਤੇ ਉਮੀਦ ਜਤਾਈ ਜਾ ਰਹੀ ਹੈ ਕਿ ਇਸ ਨਾਲ ਸ਼ਹਿਰ ਦੀ ਸਫਾਈ ਅਤੇ ਟਰੈਫ਼ਿਕ ਪ੍ਰਬੰਧ ਵਿੱਚ ਸੁਧਾਰ ਆਵੇਗਾ।
