ਬੰਬ ਦੀ ਧਮਕੀ: ਸ਼੍ਰੋਮਣੀ ਕਮੇਟੀ ਨੂੰ ਦਰਬਾਰ ਸਾਹਿਬ ਦੀ ਸੁਰੱਖਿਆ ਵਧਾਉਣ ਦੀ ਅਪੀਲ
ਸਿਵਲ ਸੁਸਾਇਟੀ ਅਤੇ ਵਿਰਸਾ ਸੰਭਾਲ ਮੰਚ ਦੇ ਸੀਨੀਅਰ ਨਾਗਰਿਕਾਂ ਨੇ ਦਰਬਾਰ ਸਾਹਿਬ ਅਤੇ ਲੰਗਰ ਕੰਪਲੈਕਸ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਈ-ਮੇਲ ਰਾਹੀਂ ਮਿਲੀਆਂ ਧਮਕੀਆਂ ਦੇ ਮੁੱਦੇ ’ਤੇ ਲਿਖਤੀ ਪੱਤਰ ਰਾਹੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਪਣਾ ਖ਼ੁਦ ਦੀ ਉੱਨਤ ਏਆਈ ਨਿਗਰਾਨ ਪ੍ਰਣਾਲੀ ਸਥਾਪਤ ਕਰਨ ਅਤੇ ਸਿੱਖ ਰੈਜੀਮੈਂਟਾਂ ਦੇ ਸਾਬਕਾ ਫ਼ੌਜੀ ਅਧਿਕਾਰੀਆਂ ਵਿੱਚੋਂ ਉੱਚ ਸਿਖਲਾਈ ਪ੍ਰਾਪਤ ਸੁਰੱਖਿਆ ਦਸਤੇ ਦੀ ਭਰਤੀ ਕਰਕੇ ਸੁਰੱਖਿਆ ਨੂੰ ਅਪਗ੍ਰੇਡ ਕਰਨ ਦੀ ਅਪੀਲ ਕੀਤੀ ਹੈ। ਇਸ ਸਬੰਧੀ ਸ਼੍ਰੋਮਣੀ ਕਮੇਟੀ ਪ੍ਰਧਾਨ ਅਤੇ ਸਮੂਹ ਕਮੇਟੀ ਮੈਂਬਰਾਂ ਨੂੰ ਆਮ ਇਜਲਾਸ ਵਿੱਚ ਇਸ ਬਾਰੇ ਫ਼ੈਸਲਾ ਲੈਣ ਲਈ ਕਿਹਾ ਹੈ। ਪੰਜਾਬ ਹਰਿਆਣਾ ਹਾਈ ਕੋਰਟ ਦੇ ਸਾਬਕਾ ਜਸਟਿਸ ਰਣਜੀਤ ਸਿੰਘ ਰੰਧਾਵਾ, ਸੇਵਾਮੁਕਤ ਕਰਨਲ ਕੁਲਦੀਪ ਸਿੰਘ ਗਰੇਵਾਲ ਅਤੇ ਸਾਬਕਾ ਸਿਵਲ ਸਰਜਨ ਡਾ. ਮਨਜੀਤ ਸਿੰਘ ਰੰਧਾਵਾ ਨੇ ਇਕ ਸਾਂਝੇ ਬਿਆਨ ਵਿੱਚ ਕਿਹਾ ਕਿ ਅਜਿਹਾ ਸੁਰੱਖਿਆ ਪ੍ਰਬੰਧ ਪਵਿੱਤਰ ਅਸਥਾਨ ਦੀ ਪਵਿੱਤਰਤਾ ਨਾਲ ਸਮਝੌਤਾ ਕੀਤੇ ਬਿਨਾਂ ਉੱਚ ਸੁਰੱਖਿਆ ਬਣਾਈ ਰੱਖਣ ਦੀ ਜ਼ਰੂਰਤ ਨੂੰ ਪੂਰਾ ਕਰਨ ਲਈ ਸਭ ਤੋਂ ਵਧੀਆ ਹੱਲ ਹੋਵੇਗਾ। ਅਜਿਹੀ ਪ੍ਰਣਾਲੀ ਸੂਬੇ ਨੂੰ ਵਾਧੂ ਤਣਾਅ ਤੋਂ ਮੁਕਤ ਕਰੇਗੀ ਅਤੇ ਸ਼ਰਧਾਲੂਆਂ ਅਤੇ ਜਨਤਾ ਨੂੰ ਝੂਠੇ ਅਲਾਰਮਾਂ ਕਾਰਨ ਹੋਣ ਵਾਲੀ ਚਿੰਤਾ ਤੋਂ ਬਚਾਏਗੀ। ਉਨ੍ਹਾਂ ਕਿਹਾ ਕਿ ਇਹ ਹਰ ਤਰ੍ਹਾਂ ਸੰਭਵ ਅਤੇ ਸਥਾਈ ਹੱਲ ਹੈ। ਅਜਿਹੇ ਨਿੱਜੀ ਪ੍ਰਬੰਧਾਂ ਨੇ ਅਨੇਕਾਂ ਸੰਵੇਦਨਸ਼ੀਲ ਜਨਤਕ ਅਤੇ ਨਿੱਜੀ ਅਦਾਰਿਆਂ, ਸੰਵੇਦਨਸ਼ੀਲ ਖ਼ੁਦਮੁਖ਼ਤਿਆਰ ਸੰਸਥਾਵਾਂ, ਹਸਪਤਾਲਾਂ, ਬੈਂਕਾਂ ਅਤੇ ਉਦਯੋਗਾਂ ਵਿੱਚ ਸਮੇਂ ਦੀਆਂ ਪ੍ਰੀਖਿਆਵਾਂ ਦਾ ਸਾਹਮਣਾ ਕੀਤਾ ਹੈ।