ਬਲਾਕ ਪੱਧਰੀ ਖੇਡਾਂ: ਕਬੱਡੀ ਵਿੱਚ ਕਲੱਸਟਰ ਮੈਣ ਦੀ ਝੰਡੀ
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਪਟਿਆਲਾ ਸ਼ਾਲੂ ਮਹਿਰਾ ਦੀ ਅਗਵਾਈ ਹੇਠ ਬਲਾਕ ਪੱਧਰੀ ਖੇਡ ਮੁਕਾਬਲੇ ਪੋਲੋ ਗਰਾਊਂਡ ਤੇ ਮਲਟੀਪਰਪਜ਼ ਸਕੂਲ ਪਟਿਆਲਾ ਵਿੱਚ ਕਰਵਾਏ ਗਏ। ਇਨ੍ਹਾਂ ਮੁਕਾਬਲਿਆਂ ਵਿੱਚ ਬਲਾਕ ਦੇ ਅੱਠ ਕਲਸਟਰਾਂ ਦੀਆਂ ਵੱਖ-ਵੱਖ ਟੀਮਾਂ ਨੇ ਹਿੱਸਾ ਲਿਆ। ਬੀਪੀਈਓ ਪ੍ਰਿਥੀ ਸਿੰਘ ਨੇ ਦੱਸਿਆ ਕਿ ਸਰਕਲ ਸਟਾਈਲ ਕਬੱਡੀ (ਲੜਕੇ) ਮੁਕਾਬਲੇ ਵਿੱਚ ਕਲੱਸਟਰ ਮੈਣ ਨੇ ਪਹਿਲਾ ਸਥਾਨ ਅਤੇ ਕਲੱਸਟਰ ਝੰਡੀ ਨੇ ਦੂਜਾ ਸਥਾਨ ਹਾਸਲ ਕੀਤਾ। ਇਸ ਦੇ ਨਾਲ ਹੀ ਕਬੱਡੀ ਨੈਸ਼ਨਲ ਸਟਾਈਲ (ਲੜਕੇ) ਵਿੱਚ ਕਲੱਸਟਰ ਖੇੜੀ ਗੁੱਜਰਾਂ ਨੇ ਪਹਿਲਾ ਅਤੇ ਕਲੱਸਟਰ ਘਾਸ ਮੰਡੀ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਲੜਕੀਆਂ ਦੀ ਨੈਸ਼ਨਲ ਸਟਾਈਲ ਕਬੱਡੀ ਟੀਮ ਵਿਚ ਕਲੱਸਟਰ ਘਾਸ ਮੰਡੀ ਨੇ ਪਹਿਲਾ ਅਤੇ ਕਲੱਸਟਰ ਖੇੜੀ ਗੁੱਜਰਾਂ ਨੇ ਦੂਜਾ ਸਥਾਨ ਹਾਸਲ ਕੀਤਾ। ਉਨ੍ਹਾਂ ਨੇ ਅੱਗੇ ਦੱਸਿਆ ਕਿ ਖੋ-ਖੋ (ਲੜਕੇ) ਦੇ ਮੁਕਾਬਲੇ ਵਿਚ ਕਲੱਸਟਰ ਮਲਟੀਪਰਪਜ਼ ਨੇ ਪਹਿਲਾ ਤੇ ਕਲੱਸਟਰ ਵਿਕਟੋਰੀਆ ਨੇ ਦੂਜਾ ਸਥਾਨ ਹਾਸਲ ਕੀਤਾ ਜਦਕਿ ਖੋ-ਖੋ (ਲੜਕੀਆਂ) ਵਿੱਚ ਕਲੱਸਟਰ ਤ੍ਰਿਪੜੀ ਨੇ ਪਹਿਲਾ ਤੇ ਕਲੱਸਟਰ ਮਲਟੀਪਰਪਜ਼ ਨੇ ਦੂਜਾ ਸਥਾਨ ਹਾਸਲ ਕੀਤਾ। ਰੱਸਾ- ਕਸ਼ੀ ਵਿੱਚ ਕਲੱਸਟਰ ਖੇੜੀ ਗੁੱਜਰਾਂ ਨੇ ਪਹਿਲਾ ਅਤੇ ਕਲੱਸਟਰ ਮਲਟੀਪਰਪਜ਼ ਨੇ ਦੂਜਾ ਸਥਾਨ ਹਾਸਲ ਕੀਤਾ। ਜੇਤੂਆਂ ਨੂੰ ਇਨਾਮ ਵੰਡਣ ਦੀ ਰਸਮ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪਟਿਆਲਾ ਮਨਵਿੰਦਰ ਕੌਰ ਭੁੱਲਰ ਅਤੇ ਬੀਪੀਈਓ ਪ੍ਰਿਥੀ ਸਿੰਘ ਨੇ ਨਿਭਾਈ।