ਰਾਜਪੁਰਾ ਤੇ ਘਨੌਰ ਵਿੱਚ ਭਾਜਪਾ ਵਰਕਰਾਂ ਨੇ ਸਰਕਾਰ ਦਾ ਪੁਤਲਾ ਸਾੜਿਆ
ਪੰਜਾਬ ਵਿੱਚ ਭਾਜਪਾ ਦੇ ਆਗੂਆਂ ਅਤੇ ਵਰਕਰਾਂ ’ਤੇ ਪੁਲਿਸ ਵੱਲੋਂ ਕੀਤੀ ਜਾ ਰਹੀ ਗੈਰ-ਕਾਨੂੰਨੀ ਕਾਰਵਾਈ ਦੇ ਵਿਰੋਧ ਵਿੱਚ ਅੱਜ ਰਾਜਪੁਰਾ ਵਿੱਚ ਜ਼ਿਲ੍ਹਾ ਪ੍ਰਧਾਨ ਜਸਪਾਲ ਸਿੰਘ ਗਗਰੌਲੀ ਅਤੇ ਘਨੌਰ ਵਿਖੇ ਭਾਜਪਾ ਦੇ ਹਲਕਾ ਘਨੌਰ ਤੋਂ ਮੈਂਬਰਸ਼ਿਪ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਦੀ ਅਗਵਾਈ ਹੇਠ ਭਾਜਪਾ ਵਰਕਰਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਸਾੜਿਆ। ਇਸ ਮੌਕੇ ਸ੍ਰੀ ਗਗਰੌਲੀ ਅਤੇ ਹਰਪਾਲਪੁਰ ਨੇ ਕਿਹਾ ਕਿ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਲਿਤਾਂ, ਗ਼ਰੀਬਾਂ, ਕਿਸਾਨਾਂ, ਵਿਦਿਆਰਥੀਆਂ ਅਤੇ ਔਰਤਾਂ ਲਈ ਕਈ ਲਾਭਕਾਰੀ ਯੋਜਨਾਵਾਂ ਚਲਾ ਰਹੀ ਹੈ, ਪਰ ਇਨ੍ਹਾਂ ਯੋਜਨਾਵਾਂ ਦਾ ਲਾਭ ਪੰਜਾਬ ਦੇ ਲੋੜਵੰਦਾਂ ਤੱਕ ਨਹੀਂ ਪਹੁੰਚ ਰਿਹਾ। ਇਨ੍ਹਾਂ ਯੋਜਨਾਵਾਂ ਨੂੰ ਹਰ ਪਿੰਡ ਤੱਕ ਪਹੁੰਚਾਉਣ ਲਈ, ਮਈ ਮਹੀਨੇ ਤੋਂ ਭਾਜਪਾ ਨੇ ਭਾਰਤ ਸਰਕਾਰ ਦੁਆਰਾ ਮਾਨਤਾ ਪ੍ਰਾਪਤ ਕਾਮਨ ਸਰਵਿਸ ਸੈਂਟਰਾਂ ਵਾਲੇ ਪੰਜਾਬ ਦੇ ਹਰ ਪਿੰਡ ਵਿੱਚ ਕੈਂਪ ਲਗਾਉਣੇ ਸ਼ੁਰੂ ਕਰ ਦਿੱਤੇ। ਜਿਸ ਕਾਰਨ ਆਮ ਲੋਕਾਂ ਨੂੰ ਸਿੱਧਾ ਲਾਭ ਮਿਲਣਾ ਸ਼ੁਰੂ ਹੋ ਗਿਆ ਪਰ ਬਿਨਾਂ ਕਿਸੇ ਨੋਟਿਸ ਦੇ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ ਪੁਲੀਸ ਬਲ ਦੀ ਵਰਤੋਂ ਕਰਕੇ ਇਨ੍ਹਾਂ ਕੈਂਪਾਂ ’ਤੇ ਗੈਰ-ਕਾਨੂੰਨੀ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ। ਪੁਲੀਸ ਨੇ 28 ਕੇਂਦਰਾਂ 'ਤੇ ਕੈਂਪ ਬੰਦ ਕਰ ਦਿੱਤੇ ਅਤੇ 8 ਕੇਂਦਰਾਂ ਵਿੱਚ ਕਾਮਨ ਸਰਵਿਸ ਸੈਂਟਰਾਂ ਦਾ ਰਿਕਾਰਡ ਵੀ ਆਪਣੇ ਕਬਜ਼ੇ ਵਿੱਚ ਲੈ ਲਿਆ। ਇੰਨਾ ਹੀ ਨਹੀਂ, ਪੰਜਾਬ ਪੁਲੀਸ ਨੇ ਭਾਜਪਾ ਦੇ ਚੋਟੀ ਦੇ ਆਗੂਆਂ ਨੂੰ ਹਿਰਾਸਤ ਵਿੱਚ ਲੈ ਲਿਆ ਅਤੇ ਕੁਝ ਨੂੰ ਘਰ ਵਿੱਚ ਨਜ਼ਰਬੰਦ ਵੀ ਕਰ ਦਿੱਤਾ। ਇਸ ਮੌਕੇ ਭਗਵੰਤ ਸਿੰਘ ਮਾਨ ਦਾ ਪੁਤਲਾ ਵੀ ਫੂਕਿਆ ਗਿਆ। ਇਸ ਮੌਕੇ ਜ਼ਿਲ੍ਹਾ ਜਨਰਲ ਸਕੱਤਰ ਪ੍ਰਦੀਪ ਕੁਮਾਰ ਨੰਦਾ, ਰੁਪਿੰਦਰ ਸਿੰਘ ਰੂਪੀ, ਸੂਬਾ ਕਾਰਜਕਾਰਨੀ ਮੈਂਬਰ ਐਡਵੋਕੇਟ ਕਿਸ਼ਨ ਸਿੰਘ, ਮੰਡਲ ਪ੍ਰਧਾਨ ਸ਼ੇਖਰ ਚੌਧਰੀ, ਐਡਵੋਕੇਟ ਨਰਿੰਦਰ ਪਟਿਆਲ, ਐਡਵੋਕੇਟ ਦਲਬੀਰ ਸਿੰਘ, ਡਾਕਟਰ ਨੰਦ ਲਾਲ, ਯਸ਼ ਪਾਲ ਟੰਡਨ, ਵਿਸ਼ੂ ਸ਼ਰਮਾ, ਓਮ ਪ੍ਰਕਾਸ਼ ਭਾਰਤੀ, ਮਹਿਲਾ ਮੋਰਚਾ ਮੰਡਲ ਪ੍ਰਧਾਨ ਸ਼੍ਰੀਮਤੀ ਕਿਰਨ ਹੰਸ, ਸ਼੍ਰੀਮਤੀ ਗੀਤਾ ਸੇਤੀਆ ਆਦਿ ਦੇ ਨਾਲ ਸੈਂਕੜੇ ਭਾਰਤੀ ਜਨਤਾ ਪਾਰਟੀ ਵਰਕਰ ਮੌਜੂਦ ਸਨ।