ਟਰੈਂਡਿੰਗਦੇਸ਼ਵਿਦੇਸ਼ਖੇਡਾਂਚੰਡੀਗੜ੍ਹਦਿੱਲੀਪੰਜਾਬਪਟਿਆਲਾਮਾਲਵਾਮਾਝਾਦੋਆਬਾਸਾਹਿਤਫ਼ੀਚਰਸਤਰੰਗਖੇਤੀਬਾੜੀ
Advertisement

Punjab News: ਪਟਿਆਲਾ ’ਚ ਕਾਗਜ਼ ਪਾੜਨ ’ਤੇ ਭਾਜਪਾ ਤੇ ਅਕਾਲੀਆਂ ਵੱਲੋਂ ਮੁਜ਼ਾਹਰਾ

ਪ੍ਰਨੀਤ ਕੌਰ ਵੱਲੋਂ ਅਦਾਲਤ ਜਾਣ ਦਾ ਫ਼ੈਸਲਾ; ਜੈਇੰਦਰ ਕੌਰ ਨੇ ‘ਆਪ’ ਨੂੰ ਭੰਡਿਆ
ਪਟਿਆਲਾ ਵਿੱਚ ‘ਆਪ’ ਖ਼ਿਲਾਫ਼ ਮੁਜ਼ਾਹਰਾ ਕਰਦੇ ਹੋਏ ਅਕਾਲੀ ਵਰਕਰ।
Advertisement

ਸਰਬਜੀਤ ਸਿੰਘ ਭੰਗੂ

ਪਟਿਆਲਾ, 12 ਦਸੰਬਰ

Advertisement

ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਦੇ ਆਖ਼ਰੀ ਦਿਨ ਅੱਜ ਸ਼ਹਿਰ ’ਚ ਦਿਨ ਭਰ ਮਾਹੌਲ ਤਣਾਅਪੂਰਨ ਰਿਹਾ। ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੇ ‘ਆਪ’ ਵਰਕਰਾਂ ’ਤੇ ਉਨ੍ਹਾਂ ਦੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਪਾੜਨ ਅਤੇ ਕੁੱਟਮਾਰ ਕਰਨ ਦੇ ਦੋਸ਼ ਲਾਏ। ਇਸ ਦੌਰਾਨ ਉਨ੍ਹਾਂ ਸਰਕਾਰ ਖ਼ਿਲਾਫ਼ ਪ੍ਰਦਰਸ਼ਨ ਵੀ ਕੀਤਾ। ਸਾਬਕਾ ਕੇਂਦਰੀ ਮੰਤਰੀ ਤੇ ਭਾਜਪਾ ਆਗੂ ਪ੍ਰਨੀਤ ਕੌਰ ਨੇ ਦੋਸ਼ ਲਾਇਆ ਕਿ ਧੱਕੇਸ਼ਾਹੀ ਵਿੱਚ ਵਿਧਾਇਕ ਅਜੀਤਪਾਲ ਕੋਹਲੀ ਦਾ ਹੱਥ ਹੈ। ਉਨ੍ਹਾਂ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣ ਦੀ ਗੱਲ ਵੀ ਆਖੀ। ਭਾਜਪਾ ਦੇ ਸੂਬਾਈ ਆਗੂ ਹਰਵਿੰਦਰ ਸਿੰਘ ਹਰਪਾਲਪੁਰ ਨੇ ਕਿਹਾ ਕਿ ਭਾਜਪਾ ਦੇ ਸਥਾਨਕ ਪ੍ਰਧਾਨ ਵਿਜੈ ਕੁਮਾਰ ਕੂਕਾ, ਵਰੁਣ ਜਿੰਦਲ, ਸੁਨੀਲ ਨਈਅਰ, ਨਿਖਿਲ ਕਾਕਾ ਤੇ ਸੀਮਾ ਰਾਣੀ ਸਮੇਤ ਦੋ ਦਰਜਨ ਦੇ ਕਰੀਬ ਭਾਜਪਾ ਉਮੀਦਵਾਰਾਂ ਦੇ ‘ਆਪ’ ਕਾਰਕੁਨਾਂ ਨੇ ਨਾਮਜ਼ਦਗੀ ਫਾਰਮ ਪਾੜ ਦਿੱਤੇ। ਉਨ੍ਹਾਂ ਦੱਸਿਆ ਕਿ ਇੱਕ ‘ਆਪ’ ਕਾਰਕੁਨ ਤਾਂ ਭਾਜਪਾ ਉਮੀਦਵਾਰ ਦੇ ਹੱਥੋਂ ਉਦੋਂ ਹੀ ਫਾਈਲ ਖੋਹ ਕੇ ਲੈ ਗਿਆ, ਜਦੋਂ ਉਹ ਪ੍ਰਨੀਤ ਕੌਰ ਨਾਲ ਗੱਲ ਕਰ ਰਿਹਾ ਸੀ। ਇਸ ਮੌਕੇ ਜਦੋਂ ਮਿਨੀ ਸਕੱਤਰੇਤ ’ਚ ਵਿਧਾਇਕ ਅਜੀਤਪਾਲ ਕੋਹਲੀ ਤੇ ਭਾਜਪਾ ਮਹਿਲਾ ਮੋਰਚਾ ਦੀ ਸੂਬਾ ਪ੍ਰਧਾਨ ਜੈਇੰਦਰ ਕੌਰ ਅਚਾਨਕ ਇਕੱਠੇ ਹੋ ਗਏ ਅਤੇ ਉਨ੍ਹਾਂ ਵਿਧਾਇਕ ਦੇ ਸਾਹਮਣੇ ਹੀ ‘ਆਪ’ ਨੂੰ ਖੂਬ ਕੋਸਿਆ। ਦੂਜੇ ਪਾਸੇ ਵਿਧਾਇਕ ਕੋਹਲੀ ਨੇ ਬੋਤਲ ਅੱਗੇ ਕਰ ਕੇ ਜੈਇੰਦਰ ਕੌਰ ਨੂੰ ਪਾਣੀ ਪੁੱਛਿਆ ਪਰ ਉਨ੍ਹਾਂ ਪਾਣੀ ਦੀ ਬੋਤਲ ਪਿੱਛੇ ਕਰ ਦਿੱਤੀ। ਇਥੇ ਹੀ ਭਾਜਪਾ ਤੇ ‘ਆਪ’ ਵਰਕਰ ਝਗੜਦੇ ਦੇਖੇ ਗਏ। ਸ਼੍ਰੋਮਣੀ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਅਮਿਤ ਸਿੰਘ ਰਾਠੀ ਨੇ ਕਿਹਾ ਕਿ ਉਨ੍ਹਾਂ ਦੇ 60 ’ਚੋਂ 31 ਉਮੀਦਵਾਰਾਂ ਨੂੰ ਨਾਮਜ਼ਦਗੀ ਫਾਰਮ ਨਹੀਂ ਭਰਨ ਦਿੱਤੇ। ਉਨ੍ਹਾਂ ਦੱਸਿਆ ਕਿ ਸਿਰਫ਼ 29 ਉਮੀਦਵਾਰ ਹੀ ਕਾਗਜ਼ ਭਰ ਸਕੇ।

ਮੋਹਿਤ ਮਹਿੰਦਰਾ ਵੱਲੋਂ ‘ਆਪ’ ਖ਼ਿਲਾਫ਼ ਚੋਣ ਕਮਿਸ਼ਨ ਨੂੰ ਸ਼ਿਕਾਇਤ

ਪਟਿਆਲਾ (ਗੁਰਨਾਮ ਸਿੰਘ ਅਕੀਦਾ): ਨਗਰ ਨਿਗਮ ਪਟਿਆਲਾ ਦੀਆਂ ਚੋਣਾਂ ਲਈ ਕਾਗਜ਼ ਭਰਨ ਦੀ ਪ੍ਰਕਿਰਿਆ ਦੌਰਾਨ ਵਿਰੋਧੀ ਧਿਰਾਂ ਨੇ ‘ਆਪ’ ਸਰਕਾਰ ’ਤੇ ਦਖ਼ਲ ਦੇਣ ਦੇ ਦੋਸ਼ ਲਾਏ ਹਨ। ਯੂਥ ਕਾਂਗਰਸ ਦੇ ਸੂਬਾ ਪ੍ਰਧਾਨ ਮੋਹਿਤ ਮਹਿੰਦਰਾ ਨੇ ਕਿਹਾ ਕਿ ‘ਆਪ’ ਸਰਕਾਰ ਵੱਲੋਂ ਪੁਲੀਸ ਦੀ ਮਦਦ ਨਾਲ ਵਿਰੋਧੀ ਉਮੀਦਵਾਰਾਂ ਨੂੰ ਨਾਮਜ਼ਦਗੀ ਪੱਤਰ ਦਾਖਲ ਕਰਨ ਤੋਂ ਰੋਕਿਆ ਗਿਆ ਇਮਾਰਤ ਵਿੱਚ ਦਾਖਲ ਨਹੀਂ ਹੋਣ ਦਿੱਤਾ। ਮੋਹਿਤ ਮਹਿੰਦਰਾ ਨੇ ਕਿਹਾ ਕਿ ਕਾਂਗਰਸ ਨੇ ਚੋਣ ਕਮਿਸ਼ਨ ਨੂੰ ਇਸ ਦੀ ਸ਼ਿਕਾਇਤ ਕਰ ਦਿੱਤੀ ਹੈ। ਇਸ ਦੌਰਾਨ ਵਾਰਡ ਚਾਰ ਤੋਂ ਸਾਬਕਾ ਕੌਂਸਲਰ ਹਰਦੀਪ ਸਿੰਘ ਖਹਿਰਾ ਨੇ ਕਿਹਾ ਕਿ ਉਹ ਕਾਗ਼ਜ਼ ਦਾਖਲ ਕਰਨ ਲਈ ਜਦੋਂ ਬਲਾਕ-ਡੀ ’ਚ ਗਿਆ ਤਾਂ ਉਥੇ ਪੁਲੀਸ ਨੇ ਕਿਹਾ ਕਿ ਉਸ ’ਤੇ ਹਾਦਸੇ ਦੇ ਸਬੰਧ ’ਚ ਕੇਸ ਦਰਜ ਹੋਇਆ ਹੈ। ਇਸ ਮਗਰੋਂ ਪੁਲੀਸ ਉਸ ਨੂੰ ਫੱਗਣ ਮਾਜਰਾ ਪੁਲੀਸ ਚੌਕੀ ’ਚ ਛੱਡ ਆਈ, ਜਿੱਥੋਂ 4 ਵਜੇ ਛੱਡਿਆ ਗਿਆ। ਪਟਿਆਲਾ ਸ਼ਹਿਰੀ ਤੋਂ ਵਿਧਾਇਕ ਅਜੀਤਪਾਲ ਸਿੰਘ ਕੋਹਲੀ ਨੇ ਕਿਹਾ ਕਿ ਕਾਂਗਰਸੀਆਂ ਵੱਲੋਂ ਲਗਾਏ ਜਾ ਰਹੇ ਦੋਸ਼ ਝੂਠੇ ਹਨ।

Advertisement
Tags :
punjab news