ਭਾਖੜਾ ਨਹਿਰ ਦਾ ਪੁਲ ਮੁਰੰਮਤ ਕਾਰਨ ਇਕ ਪਾਸੇ ਤੋਂ ਬੰਦ
ਕੌਮੀ ਮਾਰਗ-7 (ਪੁਰਾਣਾ ਐੱਨ ਐੱਚ-64) ’ਤੇ ਸਮਾਣਾ-ਭਾਖੜਾ ਮੁੱਖ ਨਹਿਰ ਦੇ ਪੁਲ ਨੂੰ ਮੁਰੰਮਤ ਕਾਰਨ ਇਕ ਪਾਸਿਓਂ ਤੋਂ ਬੰਦ ਕਰ ਦਿੱਤਾ ਹੈ। ਅਧਿਕਾਰੀਆਂ ਅਨੁਸਾਰ ਪੁਲ ਦੇ ਜੋੜ ਖ਼ਰਾਬ ਹੋ ਗਏ ਹਨ ਅਤੇ ਪੁਲ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਤੁਰੰਤ ਮੁਰੰਮਤ ਦੀ ਲੋੜ ਹੈ। ਇਸ ਉਦੇਸ਼ ਲਈ ਪੁਲ ਦਾ ਇੱਕ ਪਾਸਾ (ਸੰਗਰੂਰ ਤੋਂ ਪਟਿਆਲਾ ਵੱਲ) ਲਗਪਗ 2-3 ਹਫ਼ਤਿਆਂ ਲਈ ਵਾਹਨਾਂ ਦੀ ਆਵਾਜਾਈ ਲਈ ਬੰਦ ਰਹੇਗਾ। ਸੰਗਰੂਰ ਵਾਲੇ ਪਾਸੇ ਤੋਂ ਪਟਿਆਲਾ ਆਉਣ ਵਾਲੀ ਆਵਾਜਾਈ ਨੂੰ ਪੁਰਾਣੇ ਐੱਨ ਐੱਚ-7 ਰਾਹੀਂ ਪਸਿਆਣਾ ਪੁਲੀਸ ਸਟੇਸ਼ਨ ਤੱਕ ਅਤੇ ਉਸ ਤੋਂ ਅੱਗੇ ਭਾਖੜਾ ਮੁੱਖ ਨਹਿਰ ਦੇ ਨਾਲ-ਨਾਲ ਪਟਿਆਲਾ-ਸਮਾਣਾ ਸੜਕ ਰਾਹੀਂ ਕੌਮੀ ਰਾਜ ਮਾਰਗ-7 ’ਤੇ ਚੜ੍ਹਾਇਆ ਜਾਵੇਗਾ। ਐੱਨ.ਐੱਚ.ਏ.ਆਈ ਦੇ ਨਿਗਰਾਨ ਇੰਜਨੀਅਰ ਅਭਿਸ਼ੇਕ ਚੌਹਾਨ ਨੇ ਦੱਸਿਆ ਕਿ ਭਾਰਤੀ ਰਾਸ਼ਟਰੀ ਰਾਜ ਮਾਰਗ ਅਥਾਰਿਟੀ ਵੱਲੋਂ ਸਾਈਟ ’ਤੇ ਰੋਡ ਮਾਰਸ਼ਲ, ਡਾਇਵਰਸ਼ਨ ਸਾਈਨੇਜ, ਸੁਰੱਖਿਆ ਕੋਨ ਅਤੇ ਰਿਫਲੈਕਟਿਵ ਟੇਪਿੰਗ ਪ੍ਰਦਾਨ ਕੀਤੀ ਜਾਵੇਗੀ। ਉਨ੍ਹਾਂ ਇਹ ਵੀ ਕਿਹਾ ਕਿ ਪੁਲੀਸ ਨੂੰ ਬੇਨਤੀ ਕੀਤੀ ਗਈ ਹੈ ਕਿ ਪੁਲ ਦੇ ਨੇੜੇ ਵਾਹਨਾਂ ਦੀ ਆਵਾਜਾਈ ਦਾ ਪ੍ਰਬੰਧਨ ਕਰਨ ਅਤੇ ਸੁਧਾਰ ਦੇ ਕੰਮ ਦੌਰਾਨ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਲਈ ਲੋੜੀਂਦੇ ਟਰੈਫ਼ਿਕ ਕਰਮਚਾਰੀ ਤਾਇਨਾਤ ਕੀਤੇ ਜਾਣ। ਉਨ੍ਹਾਂ ਕਿਹਾ ਕਿ ਯਾਤਰੀਆਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਬਦਵਲੇਂ ਰੂਟਾਂ ਦੀ ਵਰਤੋਂ ਕਰਨ ਤਾਂ ਜੋ ਕਿਸੇ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।