ਪਰਾਲੀ ਦੀਆਂ ਗੰਢਾਂ ਬਣਾਉਣ ਦਾ ਕੰਮ ਠੱਪ ਕਰਨ ਦੀ ਚਿਤਾਵਨੀ
ਬੇਲਰ ਮਾਲਕਾਂ ਵੱਲੋਂ ਪ੍ਰਸ਼ਾਸਨ ਨੂੰ ਗੰਢਾਂ ਦੀ ਸਹੀ ਕੀਮਤ ਤੈਅ ਕਰਨ ਦੀ ਅਪੀਲ
Advertisement
ਬੇਲਰ ਯੂਨੀਅਨ ਦੇ ਬਲਾਕ ਪ੍ਰਧਾਨ ਗੁਰਮੀਤ ਸਿੰਘ ਦੁੜਦ ਦੀ ਸਰਪ੍ਰਸਤੀ ਹੇਠ ਗੁਰਦੁਆਰਾ ਸਾਹਿਬ ਭੁਨਰਹੇੜੀ ਵਿੱਚ ਬੇਲਰ ਯੂਨੀਅਨ ਦੀ ਬਲਾਕ ਪੱਧਰੀ ਮੀਟਿੰਗ ਹੋਈ ਜਿਸ ਵਿੱਚ ਬੇਲਰ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਲੱਖੋਮਾਜਰਾ, ਹਰਮਿੰਦਰ ਸਿੰਘ ਜੋਗੀਪੁਰ ਅਤੇ ਗੁਰਭੇਜ ਸਿੰਘ ਜੋਗੀਪੁਰ ਵੀ ਸ਼ਾਮਲ ਹੋਏ। ਮੀਟਿੰਗ ਦੌਰਾਨ ਅਗਾਮੀਂ ਝੋਨੇ ਦੇ ਸੀਜ਼ਨ ਵਿੱਚ ਬੇਲਰ ਮਸ਼ੀਨ ਦੁਆਰਾ ਪਰਾਲੀ ਦੀਆਂ ਗੰਢਾਂ ਬਣਾਉਣ ਦਾ ਪੂਰਾ ਰੇਟ ਨਾ ਮਿਲਣ ਅਤੇ ਆ ਰਹੀਆਂ ਮੁਸਕਲਾਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਜ਼ਿਲ੍ਹਾ ਪ੍ਰਧਾਨ ਹਰਜੀਤ ਸਿੰਘ ਲੱਖੋਮਾਜਰਾ ਨੇ ਕਿਹਾ ਕਿ ਝੋਨੇ ਦੀ ਪਰਾਲੀ ਦੀਆਂ ਗੰਢਾਂ ਬਣਾਉਣ ਤੋਂ ਲੈ ਕੇ ਚੁੱਕਣ ਤੱਕ ਬੇਲਰ ਮਾਲਕਾਂ ਦਾ 152 ਰੁਪਏ ਪ੍ਰਤੀ ਕੁਇੰਟਲ ਖ਼ਰਚਾ ਆਉਂਦਾ ਹੈ ਅਤੇ ਸਮੂਹ ਯੂਨੀਅਨ ਵੱਲੋਂ 198 ਰੁਪਏ ਪ੍ਰਤੀ ਕੁਇੰਟਲ ਸਰਕਾਰ ਅਤੇ ਫੈਕਟਰੀਆਂ ਦੇ ਮਾਲਕਾਂ ਤੋਂ ਮੰਗ ਕਰਦੇ ਹਨ। ਉਨ੍ਹਾਂ ਕਿਹਾ ਕਿ ਜੇਕਰ ਆਉਣ ਵਾਲੇ ਸੀਜ਼ਨ ਦੌਰਾਨ ਬੇਲਰ ਮਾਲਕਾਂ ਨੂੰ ਸਹੀ ਰੇਟ ਨਾ ਮਿਲਿਆ ਤਾਂ ਉਹ ਪੂਰੀ ਤਰ੍ਹਾਂ ਆਪਣੇ ਬੇਲਰ ਬੰਦ ਰੱਖਣਗੇ। ਉਨ੍ਹਾਂ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਫੈਕਟਰੀਆਂ ਦੇ ਮਾਲਕਾਂ ਨਾਲ ਮੀਟਿੰਗ ਕਰਕੇ ਸਹੀ ਰੇਟ ਤੈਅ ਕਰਨ ਤਾਂ ਜੋ ਬੇਲਰ ਮਾਲਕਾਂ ਅਤੇ ਕਿਸਾਨ ਭਰਾਵਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਪੇਸ਼ ਨਾ ਆਵੇ। ਇਸ ਮੌਕੇ ਹਰਮਿੰਦਰ ਸਿੰਘ ਜੋਗੀਪੁਰ, ਗੁਰਭੇਜ ਸਿੰਘ ਜੋਗੀਪੁਰ, ਗੁਰਮੀਤ ਸਿੰਘ ਦੁੜਦ ਬਲਾਕ ਪ੍ਰਧਾਨ, ਅਮਨ ਧਰਮੇੜੀ ਸੀਨੀਅਰ ਮੀਤ ਪ੍ਰਧਾਨ, ਪਲਵਿੰਦਰ ਸਿੰਘ ਘੜਾਮ ਮੀਤ ਪ੍ਰਧਾਨ, ਜਨਰਲ ਸਕੱਤਰ ਮਨਜੀਤ ਸਿੰਘ ਬਡਲਾ, ਖਜ਼ਾਨਚੀ ਅਮਨਦੀਪ ਸਿੰਘ ਸਵਾਈ ਸਿੰਘ ਵਾਲਾ ਤੇ ਮੈਂਬਰ ਗੁਰਭੇਜ ਸਿੰਘ ਨੌਗਾਵਾਂ ਆਦਿ ਹਾਜ਼ਰ ਸਨ।
Advertisement
Advertisement