ਦਸ ਰੁਪਏ ਮੰਗਣ ’ਤੇ ਦੁਕਾਨਦਾਰ ਉੱਤੇ ਹਮਲਾ
ਪੱਤਰ ਪ੍ਰੇਰਕ
ਪਾਤੜਾਂ, 22 ਜੁਲਾਈ
ਸ਼ਹਿਰ ਦੇ ਜਾਖਲ ਰੋਡ ਉੱਤੇ ਟਾਇਰਾਂ ਨੂੰ ਪੰਕਚਰ ਲਾਉਣ ਵਾਲੀ ਦੁਕਾਨ ’ਤੇ ਮੋਟਰਸਾਈਕਲ ਦੇ ਟਾਇਰ ’ਚ ਹਵਾ ਪਵਾਉਣ ਆਏ ਵਿਅਕਤੀ ਤੋਂ ਦਸ ਰੁਪਏ ਮੰਗੇ ਜਾਣ ’ਤੇ ਉਸ ਨੇ ਦਰਜਨ ਦੇ ਕਰੀਬ ਆਪਣੇ ਸਾਥੀ ਬੁਲਾ ਕੇ ਦੁਕਾਨਦਾਰ ’ਤੇ ਤਲਵਾਰਾਂ ਨਾਲ ਹਮਲਾ ਕਰ ਦਿੱਤਾ। ਹਮਲੇ ’ਚ ਦੁਕਾਨਦਾਰ ਸਮੇਤ ਉਸ ਦੇ ਤਿੰਨ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਤੁਰੰਤ ਮਿਨੀ ਕਮਿਊਨਿਟੀ ਹੈਲਥ ਸੈਂਟਰ ਪਾਤੜਾਂ ਵਿੱਚ ਭਰਤੀ ਕਰਵਾਇਆ ਗਿਆ। ਇੱਥੇ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਪਟਿਆਲਾ ਭੇਜ ਦਿੱਤਾ ਗਿਆ। ਮੌਕੇ ’ਤੇ ਪਹੁੰਚੇ ਸ਼ਹਿਰੀ ਪੁਲੀਸ ਚੌਕੀ ਦੇ ਇੰਚਾਰਜ ਬਲਜੀਤ ਸਿੰਘ ਨੇ ਸਥਿਤੀ ਦਾ ਜਾਇਜ਼ਾ ਲੈਣ ਮਗਰੋਂ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਹਸਪਤਾਲ ’ਚ ਜ਼ੇਰੇ ਇਲਾਜ ਦੁਕਾਨਦਾਰ ਪ੍ਰਕਾਸ਼ ਚੰਦ ਨੇ ਦੱਸਿਆ ਕਿ ਉਸ ਦੇ ਪੁੱਤਰ ਨੇ ਸਵੇਰੇ ਹਾਲੇ ਦੁਕਾਨ ਖੋਲ੍ਹੀ ਹੀ ਸੀ ਕਿ ਇਕ ਵਿਅਕਤੀ ਮੋਟਰਸਾਈਕਲ ਦੇ ਟਾਇਰ ’ਚ ਹਵਾ ਭਰਵਾਉਣ ਆਇਆ। ਹਵਾ ਪਾਉਣ ਮਗਰੋਂ ਜਦੋਂ ਉਸ ਤੋਂ 10 ਦੀ ਮੰਗ ਕੀਤੀ ਗਈ ਤਾਂ ਉਸ ਨੇ ਪੈਸੇ ਦੇਣ ਤੋਂ ਇਨਕਾਰ ਕਰ ਦਿੱਤਾ। ਬਹਿਸ ਮਗਰੋਂ ਉਸ ਨੇ ਪੈਸੇ ਦੇ ਦਿੱਤੇ ਪਰ ਕੁਝ ਸਮੇਂ ਬਾਅਦ ਉਸ ਨੇ ਦਰਜਨ ਦੇ ਕਰੀਬ ਹੋਰ ਵਿਅਕਤੀਆਂ ਸਮੇਤ ਤੇਜ਼ਧਾਰ ਹਥਿਆਰਾਂ ਨਾਲ ਉਨ੍ਹਾਂ ’ਤੇ ਹਮਲਾ ਕਰ ਦਿੱਤਾ। ਇਸ ਹਮਲੇ ਦੌਰਾਨ ਉਹ (ਪ੍ਰਕਾਸ਼ ਸਿੰਘ), ਉਸ ਦੇ ਪੁੱਤਰ ਹਰਵਿੰਦਰ ਸਿੰਘ ਟਿੰਕੂ, ਜਸਵਿੰਦਰ ਸਿੰਘ ਸੋਨੂੰ ਤੇ ਸੁਖਵਿੰਦਰ ਸਿੰਘ ਰਾਜੂ ਗੰਭੀਰ ਜ਼ਖ਼ਮੀ ਹੋ ਗਏ। ਪੁਲੀਸ ਚੌਕੀ ਪਾਤੜਾਂ ਦੇ ਇੰਚਾਰਜ ਬਲਜੀਤ ਸਿੰਘ ਨੇ ਦੱਸਿਆ ਕਿ ਹਮਲਾਵਾਰਾਂ ਖ਼ਿਲਾਫ਼ ਕਤਲ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ ਤੇ ਮੁਲਜ਼ਮਾਂ ਵਿੱਚੋਂ ਦੋ ਦੀ ਪਛਾਣ ਹੋ ਚੁੱਕੀ ਹੈ। ਪਤਾ ਲੱਗਾ ਹੈ ਕਿ ਦੂਜੀ ਧਿਰ ਦੇ ਵੀ ਕੁਝ ਵਿਅਕਤੀਆਂ ਦੇ ਸੱਟਾਂ ਲੱਗੀਆਂ ਹਨ ਪਰ ਉਨ੍ਹਾਂ ਕੋਲ ਅਜੇ ਰਿਪੋਰਟ ਨਹੀਂ ਆਈ। ਉਨ੍ਹਾਂ ਕਿਹਾ ਹੈ ਕਿ ਪੁਲੀਸ ਮਾਮਲੇ ਦੀ ਪੜਤਾਲ ਕਰ ਰਹੀ ਹੈ।