ਗੁਰੂ ਤੇਗ ਬਹਾਦਰ ਦੇ ਜੀਵਨ ਤੋਂ ਸੇਧ ਲੈਣ ਦਾ ਸੱਦਾ
ਗੁਰੂ ਨਾਨਕ ਦੇਵ ਪੰਜਾਬ ਸਟੇਟ ਓਪਨ ਯੂਨੀਵਰਸਿਟੀ, ਪਟਿਆਲਾ ਦੇ ਵਾਈਸ- ਚਾਂਸਲਰ ਪ੍ਰੋ. (ਡਾ.) ਰਤਨ ਸਿੰਘ ਦੀ ਰਹਿਨੁਮਾਈ ਹੇਠ ਯੂਨੀਵਰਸਿਟੀ ਵੱਲੋਂ ਗੁਰੂ ਤੇਗ਼ ਬਹਾਦਰ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਪ੍ਰੋ. (ਡਾ.) ਰਤਨ ਸਿੰਘ, ਵਾਈਸ ਚਾਂਸਲਰ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਮਨੁੱਖਤਾ ਅਤੇ ਧਰਮ ਦੀ ਰੱਖਿਆ ਲਈ ਅਤੁੱਲ ਯੋਗਦਾਨ ਦੀ ਪ੍ਰਤੀਕ ਹੈ। ਪ੍ਰੋ. (ਡਾ.) ਬਲਜੀਤ ਸਿੰਘ ਖਹਿਰਾ ਰਜਿਸਟਰਾਰ ਨੇ ਕਿਹਾ ਕਿ ਗੁਰੂ ਤੇਗ਼ ਬਹਾਦਰ ਦੀ ਸ਼ਹਾਦਤ ਮਨੁੱਖਤਾ ਦੇ ਇਤਿਹਾਸ ਵਿੱਚ ਇੱਕ ਵਿਲੱਖਣ ਅਤੇ ਬੇਮਿਸਾਲ ਘਟਨਾ ਹੈ, ਜੋ ਜ਼ੁਲਮ ਅਤੇ ਬੇਇਨਸਾਫ਼ੀ ਵਿਰੁੱਧ ਧਰਮ ਯੁੱਧ ਦਾ ਪ੍ਰਤੀਕ ਹੈ। ਉਨ੍ਹਾਂ ਕਿਹਾ ਕਿ ਗੁਰੂ ਨਾਨਕ ਦੇ ਘਰ ਦਾ ਸਿਧਾਂਤ ਸਿਰਫ਼ ਆਪਣੇ ਲਈ ਨਹੀਂ, ਸਗੋਂ ਦੂਸਰਿਆਂ ਦੇ ਧਰਮ ਤੇ ਆਜ਼ਾਦੀ ਦੀ ਰੱਖਿਆ ਲਈ ਕੁਰਬਾਨੀ ਦੇਣਾ ਵੀ ਸਿਖਾਉਂਦਾ ਹੈ। ਪ੍ਰੋ. (ਡਾ.) ਕੰਵਲਵੀਰ ਸਿੰਘ ਢੀਂਡਸਾ, ਕੰਟਰੋਲਰ ਪ੍ਰੀਖਿਆਵਾਂ ਨੇ ਗੁਰੂ ਸਾਹਿਬ ਦੀ ਜ਼ਿੰਦਗੀ, ਉਨ੍ਹਾਂ ਦੇ ਆਦਰਸ਼ ਅਤੇ ਸ਼ਹਾਦਤ ਦੇ ਸੰਦੇਸ਼ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਲਰਨਰ ਸਪੋਰਟ ਸੈਂਟਰ ਸੰਤ ਕਬੀਰ ਕਾਲਜ ਜ਼ੀਰਾ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ, ਗੁਰੂ ਗੋਬਿੰਦ ਸਿੰਘ ਖ਼ਾਲਸਾ ਕਾਲਜ ਸਰਹਾਲੀ, ਆਰੀਆਭੱਟ ਕਾਲਜ ਬਰਨਾਲਾ, ਯੂਨੀਵਰਸਲ ਕਾਲਜ ਪਟਿਆਲਾ, ਮਾਤਾ ਸੀਤੋ ਦੇਵੀ ਕਾਲਜ ਆਫ਼ ਐਜੂਕੇਸ਼ਨ ਕੋਟ ਧਰਮੂ, ਮਾਨਸਾ, ਐਜੂਕੇਸ਼ਨ, ਨਿਆਲ ਪਾਤੜਾਂ, ਕ੍ਰਿਸ਼ਨਾ ਕਾਲਜ ਆਫ਼ ਹਾਇਰ ਐਜੂਕੇਸ਼ਨ, ਬੁਢਲਾਡਾ, ਪੰਜਾਬ ਡਿੱਗਰੀ ਕਾਲਜ, ਮਹਿਮੂਆਣਾ, ਸੰਤ ਸਿਪਾਹੀ ਕਾਲਜ, ਜਲੰਧਰ ਦਾ ਸਨਮਾਨ ਕੀਤਾ ਗਿਆ।
