ਗੀਤਕਾਰ ਧਰਮ ਕੰਮੇਆਣਾ ਨਾਲ ਰੂਬਰੂ
ਦਰਸ਼ਨ ਸਿੰਘ ਮਿੱਠਾ
ਰਾਜਪੁਰਾ, 7 ਜੁਲਾਈ
ਰੋਟਰੀ ਭਵਨ ਵਿੱਚ ਲੋਕ ਸਾਹਿਤ ਸੰਗਮ ਦੀ ਸਾਹਿਤਕ ਬੈਠਕ ਪ੍ਰਧਾਨ ਡਾ. ਗੁਰਵਿੰਦਰ ਅਮਨ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿਚ ਪੰਜਾਬੀ ਦੇ ਉੱਘੇ ਗੀਤਕਾਰ ਤੇ ਸਾਹਿਤਕਾਰ ਧਰਮ ਕੰਮੇਆਣਾ ਨਾਲ ਰੂਬਰੂ ਕਰਵਾਇਆ ਗਿਆ। ਸਾਹਿਤਕ ਸਮਾਗਮ ਦਾ ਆਗਾਜ਼ ਲੋਕ ਕਵੀ ਕਰਮ ਸਿੰਘ ਹਕੀਰ ਦੇ ਗੀਤ ‘ਜਦ ਬੇਰੀ ਤੋੜਨ ਜਾਵਾਂਗੇ’ ਨਾਲ ਹੋਇਆ। ਇਸ ਦੌਰਾਨ ਅਵਤਾਰ ਪਵਾਰ ਨੇ ਗੀਤ ‘ਫ਼ਿਜ਼ਾ ਵਿਚ ਆਪਣੇ ਬੋਲਾਂ ਦੀ ਖੁਸ਼ਬੂ ਘੋਲਦੇ ਪੰਛੀ’ ਸੁਣਾਇਆ। ਰਣਜੀਤ ਸਿੰਘ ਫ਼ਤਹਿਗੜ੍ਹ ਸਾਹਿਬ ਤੇ ਹਰਪਾਲ ਸਿੰਘ ਪਾਲ ਨੇ ਗੀਤ ਸੁਣਾ ਕੇ ਵਾਹ ਵਾਹ ਖੱਟੀ। ਕੁਲਵੰਤ ਜੱਸਲ, ਸੁਨੀਤਾ ਦੇਸਰਾਜ, ਗੀਤਕਾਰ ਮੰਗਤ ਜੰਗਪੁਰੇ ਵਾਲਾ ਤੇ ਮਨਜੀਤ ਸਿੰਘ ਨਾਗਰਾ ਨੇ ਗੀਤਾਂ ਦੀ ਛਹਿਬਰ ਲਾਈ। ਦਲਜੀਤ ਸਿੰਘ ਸੈਦਖੇੜੀ ਤੇ ਡੀਐੱਸਪੀ ਰਘਬੀਰ ਸਿੰਘ ਨੇ ਸ਼ੇਅਰ ਸੁਣਾਏ। ਇਸ ਦੌਰਾਨ ਧਰਮ ਕੰਮੇਆਣਾ ਨੇ ਆਪਣੀ ਜ਼ਿੰਦਗੀ ਦੇ ਅਹਿਮ ਕਿੱਸੇ ਸਾਂਝੇ ਕੀਤੇ ਅਤੇ ਉਨ੍ਹਾਂ ਨੇ ਆਪਣੇ ਗੀਤਕਾਰੀ ਜੀਵਨ ਦਾ ਸਫ਼ਰ ਤੇ ਆਪਣੇ ਸਾਹਿਤਕ ਤੱਥ ਪੇਸ਼ ਕੀਤੇ। ਸੰਗਮ ਦੇ ਪ੍ਰਧਾਨ ਡਾ. ਗੁਰਵਿੰਦਰ ਅਮਨ ਨੇ ਜਿਥੇ ਸਾਹਿਤਕ ਰਚਨਾਵਾਂ ਦਾ ਮੁਲਾਂਕਣ ਕੀਤਾ ਉੱਥੇ ਧਰਮ ਕੰਮਿਆਣਾ ਨਾਲ ਆਪਣੇ ਅਨੁਭਵਾਂ ਦਾ ਵੀ ਜ਼ਿਕਰ ਕੀਤਾ। ਬਲਦੇਵ ਸਿੰਘ ਖੁਰਾਣਾ ਨੇ ਸਟੇਜ ਦੀ ਕਾਰਵਾਈ ਚਲਾਈ।