ਗੱਠਜੋੜ ਦੀ ਸੰਭਾਵਨਾ ਖਤਮ ਹੋਣ ਬਾਅਦ ਨਵੇਂ ਸਮੀਕਰਨ ਬਣੇ
ਖੇਤਰੀ ਪ੍ਰਤੀਨਿਧ
ਪਟਿਆਲਾ, 26 ਮਾਰਚ
ਅਕਾਲੀ-ਭਾਜਪਾ ਗੱਠਜੋੜ ਦੀ ਸੰਭਾਵਨਾ ਖਤਮ ਹੋਣ ’ਤੇ ਨਵੇਂ ਸਮੀਕਰਨ ਬਣਨ ਲੱਗੇ ਹਨ। ਗੱਠਜੋੜ ਹੋਣ ਦੀ ਸੂਰਤ ’ਚ ਜਿਥੇ ਪਟਿਆਲਾ ਤੋਂ ਮੌਜੂਦਾ ਸੰਸਦ ਮੈਂਬਰ ਪਰਨੀਤ ਕੌਰ ਨੂੰ ਇੱਥੋਂ ਉਮੀਦਵਾਰ ਬਣਾਇਆ ਜਾਣਾ ਤੈਅ ਸੀ, ਉਵੇਂ ਹੀ ਹੁਣ ਇਕੱਲਿਆ ਚੋਣ ਲੜਨ ਦੀ ਸੂਰਤ ਵਿੱਚ ਵੀ ਭਾਜਪਾ ਵੱਲੋਂ ਪਰਨੀਤ ਕੌਰ ਨੂੰ ਹੀ ਉਮੀਦਵਾਰ ਬਣਾਉਣਾ ਯਕੀਨੀ ਹੈ। ਉਧਰ, ਅਕਾਲੀ ਦਲ ਵੱਲੋਂ ਵੀ ਆਪਣਾ ਵੱਖਰਾ ਉਮੀਦਵਾਰ ਮੈਦਾਨ ’ਚ ਉਤਾਰਨਾ ਤੈਅ ਹੈ। ਪਰ ਵੇਖਣ ਵਾਲ਼ੀ ਗੱਲ ਹੈ ਕਿ ਇਹ ਉਮੀਦਵਾਰ ਕੌਣ ਹੋਵੇਗਾ।
ਐੱਨਕੇ ਸ਼ਰਮਾ
ਭਾਵੇਂ ਇੱਥੋਂ ਅਕਾਲੀ ਉਮੀਦਵਾਰ ਵਜੋਂ ਤਿੰਨ ਵਾਰ ਚੋਣ ਲੜ ਚੁੱਕੇ ਸੁਰਜੀਤ ਸਿੰਘ ਰੱਖੜਾ ਦੇ ਨਾਮ ਦੀ ਵੀ ਚਰਚਾ ਹੈ, ਪਰ ਸੂਤਰਾਂ ਅਨੁਸਾਰ ਐਤਕੀਂ ਉਹ ਖੁਦ ਹੀ ਜਵਾਬ ਦੇ ਚੁੱਕੇ ਹਨ। ਉਹ 1999, 2004 ਅਤੇ 2019 ’ਚ ਅਕਾਲੀ ਉਮੀਦਵਾਰ ਵਜੋਂ ਇੱਥੋਂ ਚੋਣ ਲੜ ਚੁੱਕੇ ਹਨ ਪਰ ਜਿੱਤ ਕਦੇ ਵੀ ਨਸੀਬ ਨਾ ਹੋਈ। ਉਹ ਅਤਿ ਅਮੀਰ ਪਰਿਵਾਰ ਵਿੱਚੋਂ ਹਨ। ਅਮਰੀਕਾ ’ਚ ਰਹਿੰਦੇ ਉਨ੍ਹਾਂ ਦੇ ਭਰਾ ਦਰਸ਼ਨ ਸਿੰਘ ਧਾਲੀਵਾਲ ਵਿਸ਼ਵ ਪ੍ਰਸਿੱਧ ਅਰਬਪਤੀ ਕਾਰੋਬਾਰੀ ਹਨ, ਜੋ ਅਕਾਲੀ ਭਾਜਪਾ ਏਕੇ ਅਤੇ ਕਿਰਸਾਨੀ ਮਸਲੇ ਦੇ ਹੱਲ ਦੇ ਮੁਦੱਈ ਰਹੇ ਹਨ। ਅਜੇ ਪਿਛਲੇ ਦਿਨੀਂ ਹੀ ਦਰਸ਼ਨ ਧਾਲੀਵਾਲ ਨੇ ਆਪਣੇ ਭਰਾਵਾਂ ਸੁਰਜੀਤ ਰੱਖੜਾ ਤੇ ਚਰਨਜੀਤ ਰੱਖੜਾ ਨੂੰ ਨਾਲ ਲੈ ਕੇ ਦਿੱਲੀ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਵੀ ਕੀਤੀ ਸੀ।
ਨਵੇਂ ਸਮੀਕਰਨ ਮੁਤਾਬਕ ਹੁਣ ਜੇ ਇੱਥੋਂ ਅਕਾਲੀ ਸੰਭਾਵੀ ਉਮੀਦਵਾਰਾਂ ਦੀ ਗੱਲ ਕਰੀਏ, ਤਾਂ ਇਨ੍ਹਾਂ ਵਿਚ ਮੁੱਖ ਤੌਰ ’ਤੇ ਰਾਜਪੁਰਾ ਦੇ ਹਲਕਾ ਇੰਚਾਰਜ ਚਰਨਜੀਤ ਬਰਾੜ ਦਾ ਨਾਮ ਵੀ ਚਰਚਾ ’ਚ ਹੈ। ਉਹ ਜਿਥੇ ਸੁਖਬੀਰ ਬਾਦਲ ਦੇ ਅਤਿ ਕਰੀਬੀ ਹਨ, ਉਥੇ ਹੀ ਉਨ੍ਹਾਂ ਦੇ ਓਐਸਡੀ ਤੇ ਪਾਰਟੀ ਦੇ ਬੁਲਾਰੇ ਵੀ ਹਨ। ਪਿਛਲੀ ਵਾਰ ਬਰਾੜ ਨੂੰ ਬਾਹਰੋਂ ਲਿਆ ਕੇ ਰਾਜਪੁਰਾ ਹਲਕੇ ਤੋਂ ਉਦੋਂ ਵਿਧਾਨ ਸਭਾ ਦੀ ਟਿਕਟ ’ਤੇ ਚੋਣ ਲੜਾਈ ਗਈ ਸੀ, ਜਦੋਂਕਿ ਰਾਜਪੁਰਾ ਤੋਂ ਵੀਹ ਸਾਲਾਂ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਚਲੇ ਆ ਰਹੇ ਤੇ ਹਲਕੇ ’ਚ ਚੰਗਾ ਆਧਾਰ ਰੱਖਦੇ ਸੁਰਜੀਤ ਸਿੰਘ ਗੜ੍ਹੀ ਅਤਿ ਮਜ਼ਬੂਤ ਉਮੀਦਵਾਰ ਸਨ। ਇਸ ਦੇ ਰੋਸ ਵਜੋਂ ਗੜ੍ਹੀ ‘ਆਪ’ ਵਿੱਚ ਚਲੇ ਗਏ ਸਨ। ਪਿਛਲੇ ਸਾਲ ਉਹ ਭਾਜਪਾ ’ਚ ਵੀ ਸ਼ਾਮਲ ਹੋਏ ਤੇ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਪਰ ਹੁਣ ਭਾਜਪਾ ਤੋਂ ਵੀ ਵੱਖ ਹੋ ਕੇ ਘਰ ਬੈਠੇ ਹਨ। ਜੇ ਬਰਾੜ ਨੂੰ ਟਿਕਟ ਮਿਲੀ ਤਾਂ ਗੜ੍ਹੀ ਨੂੰ ਰਾਜਪੁਰਾ ਹਲਕੇ ਦਾ ਇੰਚਾਰਜ ਲਾਇਆ ਜਾ ਸਕਦਾ ਹੈ। ਪਟਿਆਲਾ ਲੋਕ ਸਭਾ ਹਲਕੇ ਤੋਂ ਐੱਨਕੇ ਸ਼ਰਮਾ ਦਾ ਨਾਮ ਵੀ ਉਭਰ ਕੇ ਸਾਹਮਣੇ ਆਇਆ ਹੈ। ਪਾਰਟੀ ਦੇ ਵਿੱਤ ਸਕੱਤਰ ਸ਼ਰਮਾ ਵੀ ਮਾਇਆਧਾਰੀ ਹਨ, ਜਿਨ੍ਹਾਂ ਦਾ ਹਿੰਦੂ ਵਰਗ ’ਚ ਚੰਗਾ ਆਧਾਰ ਵੀ ਮੰਨਿਆ ਜਾਂਦਾ ਹੈ।