ਦਿੱਲੀ ਮਗਰੋਂ ਪੰਜਾਬ ਵਿੱਚ ‘ਆਪ’ ਦਾ ਸਫ਼ਾਇਆ ਯਕੀਨੀ: ਪ੍ਰਨੀਤ ਕੌਰ
ਖੇਤਰੀ ਪ੍ਰਤੀਨਿਧ/ਪੱਤਰ ਪ੍ਰੇਰਕ
ਪਟਿਆਲਾ/ਪਾਤੜਾਂ, 8 ਫਰਵਰੀ
ਦਿੱਲੀ ਵਿੱਚ ਭਾਜਪਾ ਸਰਕਾਰ ਬਣਨ ਦੀ ਖੁਸ਼ੀ ਵਿੱਚ ਅੱਜ ਪਾਰਟੀ ਆਗੂਆਂ ਅਤੇ ਵਰਕਰਾਂ ਨੇ ਇਥੇ ਵੱਖ ਵੱਖ ਥਾਈਂ ਇਕੱਠੇ ਹੋ ਕੇ ਖੁਸ਼ੀ ਮਨਾਉਂਦਿਆਂ ਲੱਡੂ ਵੰਡੇ ਅਤੇ ਭੰਗੜੇ ਵੀ ਪਾਏ। ਅਜਿਹੇ ਜਸ਼ਨਾ ’ਚ ਭਾਜਪਾ ਦੇ ਸੀਨੀਅਰ ਆਗੂ ਅਤੇ ਸਾਬਕਾ ਕੇਂਦਰੀ ਮੰਤਰੀ ਪ੍ਰਨੀਤ ਕੌਰ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਇਸ ਨੂੰ ‘ਆਪ’ ਦੇ ਝੂਠੇ ਵਾਅਦਿਆਂ ਨੂੰ ਨਿਰਣਾਇਕ ਰੱਦ ਕਰਨ ਅਤੇ ਮੋਦੀ ਸਰਕਾਰ ਦੀ ਵਿਕਾਸ ਅਤੇ ਚੰਗੇ ਸ਼ਾਸਨ ਪ੍ਰਤੀ ਵਚਨਬੱਧਤਾ ਦਾ ਸਮਰਥਨ ਕਰਾਰ ਦਿੱਤਾ। ਇਸ ਦੌਰਾਨ ਪਾਤੜਾਂ ਵਿੱਚ ਦਿਵਿਆ ਜਯੋਤੀ ਜਾਗ੍ਰਿਤੀ ਸੰਸਥਾਨ ਵੱਲੋਂ ਕਰਵਾਈ ਜਾ ਰਹੀ ਸ਼ਿਵ ਕਥਾ ’ਚ ਪਹੁੰਚੇ ਸਾਬਕਾ ਸੰਸਦ ਮੈਂਬਰ ਪ੍ਰਨੀਤ ਕੌਰ ਨੇ ਕਿਹਾ ਕਿ ਦਿੱਲੀ ਵਿੱਚ ਹਾਰ ਮਗਰੋਂ ‘ਆਪ’ ਦਾ ਪਤਨ ਸ਼ੁਰੂ ਹੋ ਗਿਆ ਹੈ। ਇਸ ਮਗਰੋਂ ‘ਆਪ’ ਦਾ ਪੰਜਾਬ ਵਿੱਚ ਸਫਾਇਆ ਯਕੀਨੀ ਹੈ। ਇਸੇ ਦੌਰਾਨ ਭਾਜਪਾ ਦੇ ਸੂਬਾਈ ਆਗੂ ਗੁਰਤੇਜ ਢਿੱਲੋਂ, ਪ੍ਰੋ.ਪਵਨ ਸਿੰਗਲਾ, ਸੁਰਿੰਦਰ ਖੇੜਕੀ, ਜਗਦੀਪ ਜੱੱਗਾ, ਹਰਕੇਸ਼ ਗੋਇਲ ਡਕਾਲਾ ਆਦਿ ਨੇ ਵੀ ਜਿੱਤ ਦੀ ਵਧਾਈ ਦਿੱਤੀ।
ਦੇਵੀਗੜ੍ਹ (ਨਿੱਜੀ ਪੱਤਰ ਪ੍ਰੇਰਕ): ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਦੀ ਇਤਿਹਾਸਕ ਜਿੱਤ ’ਤੇ ਪਾਰਟੀ ਆਗੂਆਂ ਤੇ ਵਰਕਰਾਂ ਨੇ ਲੱਡੂ ਵੰਡੇ। ਇਸ ਮੌਕੇ ਮੰਡਲ ਪ੍ਰਧਾਨ ਧਰਮਪਾਲ ਸ਼ਰਮਾ ਦੀ ਅਗਵਾਈ ਵਿੱਚ ਭਾਜਪਾ ਵਰਕਰਾਂ ਨੇ ਦੇਵੀਗੜ੍ਹ ਦੇ ਬਾਜ਼ਾਰਾਂ ਵਿੱਚ ਜੇਤੂ ਮਾਰਚ ਕੱਢਿਆ ਅਤੇ ਆਤਿਸ਼ਬਾਜ਼ੀ ਕੀਤੀ।
ਲਹਿਰਾਗਾਗਾ (ਪੱਤਰ ਪ੍ਰੇਰਕ): ਦਿੱਲੀ ਦੀ ਵਿਧਾਨ ਸਭਾ ਚੋਣਾਂ ਵਿਚ ਭਾਜਪਾ ਦੀ ਜਿੱਤ ਦੀ ਖੁਸ਼ੀ ਵਿੱਚ ਪਾਰਟੀ ਵਰਕਰਾਂ ਲੱਡੂ ਵੰਡੇ। ਉਨ੍ਹਾਂ ਬਾਜ਼ਾਰ ਵਿੱਚ ਜੇਤੂ ਜਲੂਸ ਵੀ ਕੱਢਿਆ। ਉਨ੍ਹਾਂ ਜਿੱਤ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਗਾਰੰਟੀ ਨੂੰ ਦੱਸਿਆ। ਭਾਜਪਾ ਦੇ ਸੀਨੀਅਰ ਆਗੂ ਕੇਵਲ ਕ੍ਰਿਸ਼ਨ ਤੇ ਸੰਦੀਪ ਦੀਪੂ ਨੇ ਕਿਹਾ ਕਿ ਪੰਜਾਬ ਦੀ ‘ਆਪ’ ਸਰਕਾਰ ਨੂੰ ਦਿੱਲੀ ਦੀ ਭਾਜਪਾ ਤੋਂ ਸਬਕ ਸਿੱਖਣ ਦੀ ਲੋੜ ਹੈ।
ਧੂਰੀ (ਨਿੱਜੀ ਪੱਤਰ ਪ੍ਰੇਰਕ): ਦਿੱਲੀ ਵਿੱਚ ਜਿੱਤ ਦੀ ਖੁਸ਼ੀ ਵਿੱਚ ਅੱਜ ਧੂਰੀ ਵਿਖੇ ਭਾਜਪਾ ਆਗੂਆਂ ਵੱਲੋਂ ਲੱਡੂ ਵੰਡੇ ਗਏ। ਭਾਜਪਾ ਦੇ ਪੰਜਾਬ ਕਾਰਜਕਾਰਨੀ ਕਮੇਟੀ ਦੇ ਮੈਂਬਰ ਜਗਦੇਵ ਜਿੰਦਲ ਜੱਗਾ ਤੇ ਨੀਲੂ ਮਿੱਤਲ ਨੇ ਦੱਸਿਆ ਕਿ ਦਿੱਲੀ ਮੁੜ ਵਿਕਾਸ ਦੀਆਂ ਲੀਹਾਂ ਵੱਲ ਵਧੇਗੀ। ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਅਰੁਣ ਆਰੀਆ ,ਪ੍ਰਦੀਪ ਗਰਗ ,ਆਸ਼ੀਸ਼ ਕੁਮਾਰ, ਕਮਲਜੀਤ, ਦਵਿੰਦਰ ਜਿੰਦਲ, ਅਮਰ ਗਰਗ, ਸੰਜੀਵ ਕਾਂਸਲ, ਮਨੂ ਆਦਿ ਹਾਜ਼ਰ ਸਨ।
ਦਿੱਲੀ ਵਾਸੀਆਂ ਨੇ ‘ਆਪ’ ਦੇ ਫਰਜ਼ੀ ਵਿਕਾਸ ਮਾਡਲ ਨੂੰ ਨਕਾਰਿਆ: ਖੰਨਾ
ਸੰਗਰੂਰ (ਨਿੱਜੀ ਪੱਤਰ ਪ੍ਰੇਰਕ): ਭਾਰਤੀ ਜਨਤਾ ਪਾਰਟੀ ਦੇ ਸੂਬਾ ਮੀਤ ਪ੍ਰਧਾਨ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਦਿੱਲੀ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਫਰਜ਼ੀ ਵਿਕਾਸ ਮਾਡਲ ਨੂੰ ਬੁਰੀ ਤਰ੍ਹਾਂ ਨਕਾਰ ਦਿੱਤਾ ਹੈ। ਸ੍ਰੀ ਖੰਨਾ ਨੇ ਅੱਜ ਇੱਕ ਬਿਆਨ ਵਿੱਚ ਕਿਹਾ ਕਿ ਦਿੱਲੀ ਵਾਸੀਆਂ ਵੱਲੋਂ ਲਏ ਸ਼ਲਾਘਾਯੋਗ ਫੈਸਲੇ ਤੋਂ ਬਾਅਦ ਪੰਜਾਬ ਵਿੱਚ ਵੀ ਆਪ ਸਰਕਾਰ ਦੀ ਪੁੱਠੀ ਗਿਣਤੀ ਸ਼ੁਰੂ ਹੋ ਗਈ ਹੈ। ਸ੍ਰੀ ਖੰਨਾ ਨੇ ਦਿੱਲੀ ਦੇ ਲੋਕਾਂ ਦੇ ਫੈਸਲੇ ਨੂੰ ਸਲਾਮ ਕਰਦਿਆਂ ਪੰਜਾਬ ਦੇ ਲੋਕਾਂ ਨੂੰ ਵੀ ਅਪੀਲ ਕੀਤੀ ਕਿ ਆਉਣ ਵਾਲੇ ਸਮੇਂ ਵਿੱਚ ਉਹ ਵੀ ਦਿੱਲੀ ਵਾਸੀਆਂ ਤੋਂ ਸੇਧ ਲੈਂਦੇ ਹੋਏ ਅਗਲੀਆਂ ਵਿਧਾਨ ਸਭਾ ਚੋਣਾਂ ਦੌਰਾਨ ਪੰਜਾਬ ਵਿੱਚੋਂ ਵੀ ਆਪ ਦਾ ਬੋਰੀਆਂ-ਬਿਸਤਰਾ ਗੋਲ ਕਰਨ ਦੀ ਤਿਆਰੀ ਕਰਨ। ਉਨ੍ਹਾਂ ਕਿਹਾ ਕਿ ਇਸ ਪਾਰਟੀ ਨੇ ਪੰਜਾਬ ਵਿੱਚ ਵੀ ਇਮਾਨਦਾਰੀ ਦੀ ਆੜ ਵਿੱਚ ਭ੍ਰਿਸ਼ਟਾਚਾਰ ਨੂੰ ਉਤਸ਼ਾਹਿਤ ਕੀਤਾ ਹੈ।
ਦਿੱਲੀ ਵਿੱਚ ਹਾਰ ਮਗਰੋਂ ‘ਆਪ’ ਦਾ ਪਤਨ ਸ਼ੁਰੂ: ਹਰਪਾਲਪੁਰ
ਘਨੌਰ (ਖੇਤਰੀ ਪ੍ਰਤੀਨਿਧ): ਪੰਜਾਬ ਖਾਦੀ ਬੋਰਡ ਪੰਜਾਬ ਦੇ ਸਾਬਕਾ ਚੇਅਰਮੈਨ ਤੇ ਭਾਜਪਾ ਦੀ ਭਰਤੀ ਪ੍ਰਕ੍ਰਿਆ ਲਈ ਹਲਕਾ ਘਨੌਰ ਦੇ ਇੰਚਾਰਜ ਹਰਵਿੰਦਰ ਸਿੰਘ ਹਰਪਾਲਪੁਰ ਨੇ ਅੱਜ ਕਿਹਾ ਕਿ ਦਿੱਲੀ ਵਿਧਾਨ ਸਭਾ ਚੋਣਾਂ ਵਿੱਚ ਹਾਰ ਮਗਰੋਂ ‘ਆਪ’ ਦਾ ਪੰਜਾਬ ’ਚ ਪਤਨ ਸ਼ੁਰੂ ਹੋ ਗਿਆ ਹੈ। ਉਨ੍ਹਾਂ ਦਾਅਵਾ ਕੀਤਾ ਕਿ ਜਿਵੇਂ ਭਾਜਪਾ ਨੇ ਦਿੱਲੀ ਵਿੱਚ ਝੰਡੇ ਗੱਡੇ ਹਨ ਉਵੇਂ ਹੀ ਪੰਜਾਬ ਵਿੱਚ ਵੀ 2027 ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਉਨ੍ਹਾਂ ਕਿਹਾ ਕਿ ਦਿੱਲੀ ਦੀ ਹਾਰ ਨੇ ‘ਆਪ’ ਦੇ ਖਾਤਮੇ ਦਾ ਰਸਤਾ ਖੋਲ੍ਹ ਦਿੱਤਾ ਹੈ ਤੇ ਪੰਜਾਬ ਵਿੱਚ ਵੀ ਪਾਰਟੀ ਦੀਆਂ ਜੜ੍ਹਾਂ ਹਿੱਲਣੀਆ ਯਕੀਨੀ ਹਨ। ਹਰਪਾਲਪੁਰ ਨੇ ਕਿਹਾ ਕਿ ਪੰਜਾਬ ਵਾਸੀਆਂ ਦਾ ਸਾਰੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਗਿਆ ਹੈ ਤੇ ਪੰਜਾਬ ਨੂੰ ਤਰੱਕੀਆਂ ’ਤੇ ਪਹੁੰਚਾਉਣ ਲਈ ਭਾਜਪਾ ਵਿਚੋਂ ਹੀ ਲੋਕਾਂ ਨੂੰ ਆਸ ਦੀ ਕਿਰਨ ਨਜ਼ਰ ਆ ਰਹੀ ਹੈ। ਕਿਉਂਕਿ ਡਬਲ ਇੰਜਣ ਦੀ ਸਰਕਾਰ ਹੀ ਪੰਜਾਬ ਨੂੰ ਮੁੜ ਸੋਨੇ ਦੀ ਚਿੜੀ ਬਣਾਉਣ ਦੇ ਸਮਰੱਥ ਹੈ।