ਵੱਡੀ ਨਦੀ ਵਿੱਚ ਪਾਣੀ ਆਉਣ ਮਗਰੋਂ ਜਾਗਿਆ ਪ੍ਰਸ਼ਾਸਨ
ਪਟਿਆਲਾ ਅਤੇ ਨੇੜਲੇ ਖੇਤਰ ਨੂੰ ਤਬਾਹ ਕਰਦੀ ਵੱਡੀ ਨਦੀ ਵਿੱਚ ਪਾਣੀ ਆਉਣ ਮਗਰੋਂ ਪ੍ਰਸ਼ਾਸਨ ਦੀ ਜਾਗ ਖੁੱਲ੍ਹ ਗਈ ਹੈ ਤੇ ਅੱਜ ਜੇਸੀਬੀ ਮਸ਼ੀਨਾਂ ਨਾਲ ਬੂਟੀ ਕੱਢਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ। ਜ਼ਿਕਰਯੋਗ ਹੈ ਕਿ ਬੀਤੇ ਦਿਨੀਂ ਨਦੀ ਦੀ ਸਫ਼ਾਈ ਨਾ ਹੋਣ ਦਾ ਮੁੱਦਾ ‘ਪੰਜਾਬੀ ਟ੍ਰਿਬਿਊਨ’ ਵੱਲੋਂ ਚੁੱਕਿਆ ਗਿਆ ਸੀ। ਲੋਕਾਂ ਵੱਲੋਂ ਇਹ ਦੇਖ ਕੇ ਪ੍ਰਸ਼ਾਸਨ ਦੀ ਆਲੋਚਨਾ ਕੀਤੀ ਜਾ ਰਹੀ ਹੈ ਕਿ ਅਖੇ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ‘ਪਿੰਡ ਆਈ ਜੰਝ, ਵਿੰਨ੍ਹੋ ਕੁੜੀ ਦੇ ਕੰਨ’ ਵਾਲੀ ਕਹਾਵਤ ਸਿੱਧ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਇਸ ਖੇਤਰ ਦਾ ਪੰਜਾਬ ਸਰਕਾਰ ਦੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਦੌਰਾ ਕੀਤਾ ਸੀ ਤੇ ਇਸ ਵੇਲੇ ਡਰੇਨੇਜ ਵਿਭਾਗ ਦੇ ਅਧਿਕਾਰੀਆਂ ਨੂੰ ਨਦੀ ਵਿਚੋਂ ਬੂਟੀ ਨਾ ਕੱਢਣ ਕਰਕੇ ਝਾੜ ਪਾਈ ਸੀ। ਹਾਲਾਂ ਕਿ ਲੋਕਾਂ ਦੀ ਮੰਗ ਸੀ ਕਿ ਜਦੋਂ 15 ਲੱਖ ਰੁਪਏ ਜਾਰੀ ਕੀਤੇ ਗਏ ਹਨ, ਉਹ ਰੁਪਏ ਕਿੱਥੇ ਲਗਾਏ ਗਏ ਹਨ ਉਸ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਬਾਰੇ ਡੀਸੀ ਦਫ਼ਤਰ ਵੱਲੋਂ ਕਿਹਾ ਗਿਆ ਹੈ ਕਿ ਨਦੀ ਦੀ ਸਫ਼ਾਈ ਪਹਿਲਾਂ ਵੀ ਕੀਤੀ ਗਈ ਸੀ, ਇਹ ਬੂਟੀ ਦੁਬਾਰਾ ਪੈਦਾ ਹੋਈ ਹੈ, ਇਸ ਕਰਕੇ ਦੁਬਾਰਾ ਸਫ਼ਾਈ ਕੀਤੀ ਜਾ ਰਹੀ ਹੈ।