ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਘੱਗਰ ਤੇ ਟਾਂਗਰੀ ਨਦੀ ’ਚ ਪਾਣੀ ਵਧਣ ਕਾਰਨ ਪ੍ਰਸ਼ਾਸਨ ਚੌਕਸ

ਅਧਿਕਾਰੀਆਂ ਵੱਲੋਂ ਵਹਾਅ ’ਤੇ ਲਗਾਤਾਰ ਰੱਖੀ ਜਾ ਰਹੀ ਹੈ ਨਜ਼ਰ; ਲੋਕਾਂ ਨੂੰ ਨਦੀਆਂ ਨੇਡ਼ੇ ਨਾ ਜਾਣ ਦੀ ਸਲਾਹ
ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਟਾਂਗਰੀ ਨਦੀ ਦਾ ਜਾਇਜ਼ਾ ਲੈਂਦੇ ਹੋਏ।
Advertisement

ਜ਼ਿਲ੍ਹੇ ’ਚ ਘੱਗਰ ਵਿੱਚ ਪਾਣੀ ਖਤਰੇ ਦੇ ਨਿਸ਼ਾਨ ’ਤੇ ਪੁੱਜਣ ਕਾਰਨ ਹੜ੍ਹਾਂ ਦਾ ਖ਼ਤਰਾ ਬਣ ਗਿਆ ਹੈ। ਅੱਜ ਸਰਾਲਾ ਕਲਾਂ ਕੋਲ ਘੱਗਰ ਦਾ ਪਾਣੀ 16 ਫੁੱਟ ਗੇਜ਼ ਦੇ ਮੁਕਾਬਲੇ 16 ਫੁੱਟ 24372 ਕਿਊਸਿਕ ਚੱਲ ਰਿਹਾ ਹੈ ਜਦਕਿ ਟਾਂਗਰੀ ਨਦੀ ਦਾ ਪਾਣੀ ਪਹੇਵਾ ਰੋਡ ’ਤੇ 12 ਫੁੱਟ ਗੇਜ਼ ਦੇ ਮੁਕਾਬਲੇ 10 ਫੁੱਟ 20967 ਕਿਊਸਿਕ ਚੱਲ ਰਿਹਾ ਸੀ, ਇਸੇ ਤਰ੍ਹਾਂ ਮਾਰਕੰਡਾ ਦਾ ਪਹੇਵਾ ਰੋਡ ’ਤੇ ਪਾਣੀ 22 ਫੁੱਟ ਗੇਜ਼ ਦੇ ਮੁਕਾਬਲੇ 17 ਫੁੱਟ 17175 ਕਿਊਸਿਕ ਚੱਲ ਰਿਹਾ ਹੈ। ਇਹ ਪਾਣੀ ਘੱਗਰ ਵਿੱਚ ਜਦੋਂ ਮਿਲ ਜਾਵੇਗਾ ਤਾਂ ਅਗਲੇ ਇਲਾਕਿਆਂ ਵਿੱਚ ਤਬਾਹੀ ਆ ਸਕਦੀ ਹੈ। ਜਾਣਕਾਰੀ ਮੁਤਾਬਕ ਅੱਜ ਜ਼ਿਲ੍ਹਾ ਪ੍ਰਸ਼ਾਸਨ ਨੇ ਘਨੌਰ ਤੇ ਦੂਧਨਸਾਧਾਂ ਇਲਾਕਿਆਂ ਵਿੱਚ ਘੱਗਰ ਤੇ ਟਾਂਗਰੀ ਨਦੀਆਂ ’ਚ ਪਾਣੀ ਦਾ ਪੱਧਰ ਵਧਣ ਕਾਰਨ ਨੇੜਲੇ ਪਿੰਡਾਂ ਦੇ ਲੋਕਾਂ ਨੂੰ ਸਲਾਹ ਦਿੱਤੀ ਹੈ ਕਿ ਉਹ ਨਦੀਆਂ ਦੇ ਨੇੜੇ ਨਾ ਜਾਣ ਅਤੇ ਆਪਣੇ ਬੱਚਿਆਂ ਤੇ ਮਵੇਸ਼ੀਆਂ ਨੂੰ ਵੀ ਪਾਣੀ ਦੇ ਵਹਾਅ ਨੇੜੇ ਨਾ ਜਾਣ ਦੇਣ। ਇਸ ਮੌਕੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਘਨੌਰ ਦੇ ਪਿੰਡਾਂ ਊਂਟਸਰ, ਕਾਮੀ ਖੁਰਦ, ਚਮਾਰੂ ਤੇ ਸਰਾਲਾ ’ਚ ਖਾਸ ਨਜ਼ਰ ਰੱਖੀ ਜਾ ਰਹੀ ਹੈ ਜਦਕਿ ਮਾੜੂ ਵਿੱਚ ਘੱਗਰ ਦੇ ਪਾਣੀ ਨਾਲ ਖੁਰਨ ਵਾਲੇ ਬੰਨ੍ਹ ਨੂੰ ਮਜ਼ਬੂਤ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਘੱਗਰ ਨੇੜੇ ਲੱਗਦੇ ਸਬ ਡਿਵੀਜ਼ਨ ਦੂਧਨਸਾਧਾਂ ਦੇ ਪਿੰਡ ਭਸਮੜਾ, ਜੁਲਾਹਖੇੜੀ ਤੇ ਖੇੜੀ ਰਾਜੂ ਸਿੰਘ ਵਿੱਚ ਵੀ ਘੱਗਰ ਦਾ ਪਾਣੀ ਵਧਿਆ ਹੋਇਆ ਹੈ, ਜਿੱਥੇ ਲਗਾਤਾਰ ਨਿਗਰਾਨੀ ਰੱਖੀ ਜਾ ਰਹੀ ਹੈ।

ਇਸ ਤੋਂ ਇਲਾਵਾ ਟਾਂਗਰੀ ਨਦੀ ਦੇ ਕੰਢੇ ਲੱਗਦੇ ਪਿੰਡਾਂ ਮਹਿਮਦਪੁਰ ਰੁੜਕੀ, ਦੇਵੀ ਨਗਰ, ਹਰੀਗੜ੍ਹ, ਰੋਹੜ ਜਗੀਰ, ਲੇਹਲ ਜਾਗੀਰ, ਦੁੱਧਨ ਗੁਜਰਾਂ, ਅਦਾਲਤੀਵਾਲਾ, ਮੱਘਰ ਸਾਹਿਬ, ਮੋਹਲਗੜ੍ਹ ਦੇ ਨੀਵੇਂ ਪਾਸੇ, ਖਾਂਸਾ, ਰੱਤਾਖੇੜਾ, ਔਜਾਂ, ਖਤੌਲੀ, ਗਣੇਸ਼ਪੁਰ, ਖਰਾਬਗੜ੍ਹ, ਬੀਬੀਪੁਰ, ਜੋਧਪੁਰ, ਬੁਧਮੋਰ, ਸਾਦਿਕਪੁਰ ਬੀੜਾਂ ਦੇ ਵਸਨੀਕਾਂ ਨੂੰ ਸਾਵਧਾਨੀ ਵਰਤਣ ਸਮੇਤ ਦਰਿਆਈ ਖੇਤਰ ਦੇ ਨੇੜੇ ਨਾ ਜਾਣ ਲਈ ਕਿਹਾ ਗਿਆ ਹੈ ਜਦਕਿ ਪਟਿਆਲਾ ਸਬ ਡਿਵੀਜ਼ਨ ਦੇ ਪਿੰਡ ਹਡਾਣਾ, ਪੁਰ ਅਤੇ ਸਿਰਕੱਪੜਾ ਵਿੱਚ ਵੀ ਨਜ਼ਰ ਰੱਖੀ ਜਾ ਰਹੀ ਹੈ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਐੱਸ ਡੀ ਐੱਮ ਰਾਜਪੁਰਾ ਅਵਿਕੇਸ਼ ਗੁਪਤਾ, ਦੂਧਨ ਸਾਧਾਂ ਦੇ ਐੱਸ ਡੀ ਐੱਮ ਦੂਧਨਸਾਧਾਂ ਕਿਰਪਾਲਵੀਰ ਸਿੰਘ ਅਤੇ ਪਟਿਆਲਾ ਦੇ ਐੱਸ ਡੀ ਐੱਮ ਹਰਜੀਤ ਕੌਰ ਮਾਵੀ ਵੱਲੋਂ ਆਪਣੀਆਂ ਟੀਮਾਂ ਸਮੇਤ ਡਰੇਨੇਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਾਲ ਲੈ ਕੇ ਲਗਾਤਾਰ ਘੱਗਰ ਤੇ ਟਾਂਗਰੀ ਨਦੀਆਂ ਵਿੱਚ ਪਾਣੀ ਦੇ ਵਧੇ ਹੋਏ ਪੱਧਰ ਅਤੇ ਵਹਾਅ ’ਤੇ ਨਿਗਰਾਨੀ ਰੱਖੀ ਜਾ ਰਹੀ ਹੈ।

Advertisement

ਪਠਾਣਮਾਜਰਾ ਵੱਲੋਂ ਟਾਂਗਰੀ ਨਦੀ ਦਾ ਜਾਇਜ਼ਾ

ਦੇਵੀਗੜ੍ਹ (ਮੁਖਤਿਆਰ ਸਿੰਘ ਨੌਗਾਵਾਂ): ਹਲਕਾ ਸਨੌਰ ਦੇ ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਨੇ ਟਾਂਗਰੀ ਨਦੀ ’ਚ ਪਾਣੀ ਦੇ ਵਹਾਅ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਭਾਰੀ ਮੀਂਹ ਕਾਰਨ ਘੱਗਰ, ਟਾਂਗਰੀ, ਮਾਰਕੰਡਾ ਅਤੇ ਮੀਰਾਂਪੁਰ ਚੋਆਂ ਵਿੱਚ ਪਾਣੀ ਦਾ ਪੱਧਰ ਵੱਧ ਗਿਆ ਸੀ ਪਰ ਇਸ ਵੇਲੇ ਇਨ੍ਹਾਂ ਨਦੀਆਂ ਦਾ ਪਾਣੀ ਕੰਟਰੋਲ ’ਚ ਹੈ ਜਿਸ ਕਰਕੇ ਲੋਕਾਂ ਨੂੰ ਡਰਨ ਦੀ ਕੋਈ ਲੋੜ ਨਹੀਂ। ਵਿਧਾਇਕ ਪਠਾਣਮਾਜਰਾ ਨੇ ਪਿੰਡਾਂ ਦੇ ਸਰਪੰਚਾਂ ਅਤੇ ‘ਆਪ’ ਵਰਕਰਾਂ ਅਤੇ ਆਗੂਆਂ ਦੇ ਨਾਲ-ਨਾਲ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਵੀ ਚੌਕਸ ਰਹਿਣ ਲਈ ਅਤੇ ਹਰ ਪ੍ਰਬੰਧ ਕਰਨ ਲਈ ਕਿਹਾ ਤਾਂ ਕਿ ਹੜ੍ਹ ਆਉਣ ਦੀ ਸਥਿਤੀ ਨਾਲ ਨਜਿੱਠਿਆ ਜਾ ਸਕੇ। ਇਸ ਮੌਕੇ ਸਿਮਰਜੀਤ ਸਿੰਘ ਸੋਹਲ, ਡਾ. ਕਰਮ ਸਿੰਘ ਰਾਜਗੜ, ਬਲਜਿੰਦਰ ਸਿੰਘ ਨੰਦਗੜ, ਗੁਰਪ੍ਰੀਤ ਸਿੰਘ ਗੁਰੀ ਪੀ.ਏ., ਦਵਿੰਦਰ ਸਿੰਘ ਮਾੜੂ, ਪੰਜਾਬ ਸਿੰਘ ਚੂੰਹਟ, ਜੋਗਿੰਦਰ ਸਿੰਘ ਵਿਰਕ ਮੌਜੂਦ ਸਨ।

Advertisement
Show comments