ਅਰਥ-ਵਿਗਿਆਨ ਕਾਨਫਰੰਸ ਲਈ ਸਰਗਰਮੀਆਂ ਸ਼ੁਰੂ
ਪੰਜਾਬੀ ਯੂਨੀਵਰਸਿਟੀ ਦੇ ਅਰਥ-ਵਿਗਿਆਨ ਵਿਭਾਗ ਵੱਲੋਂ ‘ਡਾਇਨਾਮਿਕਸ ਆਫ਼ ਇੰਡੀਅਨ ਇਕਾਨਮੀ ਐਂਡ ਦੀ ਪਰੈਜ਼ੈਂਟ ਸੀਨਾਰੀਓ’ ਵਿਸ਼ੇ ’ਤੇ ਕਰਵਾਈ ਜਾ ਰਹੀ ਤਿੰਨ ਰੋਜ਼ਾ ਕਾਨਫਰੰਸ ਦੀਆਂ ਸਰਗਰਮੀਆਂ ਸ਼ੁਰੂ ਹੋ ਗਈਆਂ ਜਿਸ ਦੀਆਂ ਤਿਆਰੀਆਂ ਵਜੋਂ ਸ਼ਾਮ ਨੂੰ ‘ਰਾਜਨੀਤਕ ਆਰਥਿਕਤਾ’ ਵਿਸ਼ੇ ’ਤੇ ਵਰਕਸ਼ਾਪ ਵੀ ਕਰਵਾਈ ਗਈ। ਅਰਥ-ਸ਼ਾਸਤਰ ਵਿਭਾਗ ਦੇ ਸਾਬਕਾ ਮੁਖੀ ਡਾ. ਬਲਵਿੰਦਰ ਟਿਵਾਣਾ ਨੇ ਸਪੱਸਟ ਕੀਤਾ ਕਿ ਕਾਨਫਰੰਸ ਦੀ ਰਸਮੀ ਸ਼ੁਰੂਆਤ 31 ਅਕਤੂਬਰ ਨੂੰ ਹੀ ਹੋਵੇਗੀ ਜਿਸ ਵਿਚਲੇ ਅਗਲੇ ਦੋ ਦਿਨਾਂ ’ਚ 15 ਟੈਕਨੀਕਲ ਸੈਸ਼ਨ ਅਤੇ ਤਿੰਨ ਪਲੇਨੇਰੀ ਸੈਸ਼ਨ ਹੋਣਗੇ ਜਿਸ ਦੌਰਾਨ ਦੇਸ਼ ਅਤੇ ਵਿਦੇਸ਼ ਵਿਚਲੀਆਂ ਵੱਖ-ਵੱਖ ਯੂਨੀਵਰਸਿਟੀਆਂ ਤੋਂ ਆਏ ਪ੍ਰੋਫੈਸਰਾਂ, ਵਿਦਵਾਨਾਂ ਅਤੇ ਬੁੱਧੀਜੀਵੀਆਂ ਸਮੇਤ ਖੋਜਾਰਥੀਆਂ ਦੁਆਰਾ ਰਾਜਨੀਤਕ ਆਰਥਿਕਤਾ ਸਬੰਧੀ ਪਰਚੇ ਪੜ੍ਹੇ ਜਾਣਗੇ। ਅੱਜ ਵਰਕਸ਼ਾਪ ਦੀ ਪ੍ਰਧਾਨਗੀ ਐਸੋਸੀਏਸ਼ਨ ਦੇ ਸਿਗਨੇਟਰੀ ਮੈਂਬਰ ਡਾ. ਵੀ. ਉਪਾਧਿਆ ਨੇ ਕੀਤੀ। ਇਸ ਮੌਕੇ ਡਾ. ਬਲਵਿੰਦਰ ਟਿਵਾਣਾ ਨੇ ਸੰਸਾਰ ਪੱਧਰ ’ਤੇ ਵਾਪਰ ਰਹੇ ਆਰਥਿਕ ਮਾਮਲਿਆਂ ਨਾਲ ਸਬੰਧਤ ਠੋਸ ਸਮਝ ਬਣਾਉਣ ਲਈ ਰਾਜਨੀਤਕ ਆਰਥਿਕਤਾ ਵਿਸ਼ੇ ਦੀ ਮਹੱਤਤਾ ਬਾਰੇ ਚਾਨਣਾ ਪਾਇਆ। ਪਹਿਲੇ ਬੁਲਾਰੇ ਪ੍ਰੋ. ਸੁਰਾਜੀਤ ਮਜ਼ੂਮਦਾਰ ਨੇ ਵਿਸ਼ਵ ਆਰਥਿਕਤਾ ਨਾਲ ਸਬੰਧਤ ਚਲੰਤ ਮਸਲਿਆਂ ਉੱਤੇ ਤੱਥ ਲੈਕਚਰ ਦਿੱਤਾ ਤੇ ਦੂਜੇ ਬੁਲਾਰੇ ਵਜੋਂ ਡਾ. ਪਰਮਜੀਤ ਸਿੰਘ ਚੰਡੀਗੜ੍ਹ ਨੇ ਪੇਂਡੂ ਆਰਥਿਕਤਾ ਨਾਲ ਸਬੰਧਤ ਆਪਣੀ ਖੋਜ ਉੱਤੇ ਚਾਨਣਾ ਪਾਇਆ। ਪ੍ਰੋ. ਜਸਬੀਰ ਸਿੰਘ ਨੇ ਧੰਨਵਾਦੀ ਮਤਾ ਪੜ੍ਹਿਆ।
 
 
             
            