ਅਬੋਹਰ ਕਤਲ ਕਾਂਡ: ਜਸਪ੍ਰੀਤ ਸਿੰਘ ਦਾ ਜੱਦੀ ਪਿੰਡ ’ਚ ਸਸਕਾਰ
ਨਿੱਜੀ ਪੱਤਰ ਪ੍ਰੇਰਕ
ਰਾਜਪੁਰਾ, 11 ਜੁਲਾਈ
ਅਬੋਹਰ ਵਿੱਚ ਪੁਲੀਸ ਮੁੱਠਭੇੜ ਵਿੱਚ ਮਾਰੇ ਗਏ ਪਿੰਡ ਮਰਦਾਂਪੁਰ ਦੇ ਵਸਨੀਕ ਜਸਪ੍ਰੀਤ ਸਿੰਘ ਦੀ ਲਾਸ਼ ਅਬੋਹਰ ਹਸਪਤਾਲ ਵਿੱਚੋਂ ਲਿਆਉਣ ਤੋਂ ਬਾਅਦ ਦੁਪਹਿਰ 3:30 ਵਜੇ ਸ਼ਾਮ ਜੱਦੀ ਪਿੰਡ ਮਰਦਾਂਪੁਰ ਦੇ ਸ਼ਮਸ਼ਾਨਘਾਟ ਵਿੱਚ ਉਸ ਦਾ ਸਸਕਾਰ ਕਰ ਦਿੱਤਾ ਗਿਆ। ਜਸਪ੍ਰੀਤ ਸਿੰਘ ਦੀ ਚਿਖਾ ਨੂੰ ਉਸ ਦੇ ਚਚੇਰੇ ਭਰਾ ਨੇ ਮੁੱਖ ਅਗਨੀ ਦਿਖਾਈ। ਜ਼ਿਕਰਯੋਗ ਹੈ ਕਿ ਅਬੋਹਰ ਦੇ ਕੱਪੜਾ ਵਪਾਰੀ ਨਿਊ ਵੀਅਰ ਵੈੱਲ ਇੰਪੋਰੀਅਮ ਦੇ ਮਾਲਕ ਸੰਜੇ ਵਰਮਾ ਦਾ ਕਥਿਤ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ ਅਤੇ ਪੁਲੀਸ ਅਨੁਸਾਰ ਕਾਤਲਾਂ ਨੂੰ ਭਜਾਉਣ ਵਿੱਚ ਮਰਦਾਂਪੁਰ ਦੇ ਜਸਪ੍ਰੀਤ ਸਿੰਘ ਅਤੇ ਪਟਿਆਲਾ ਦੇ ਰਾਮ ਰਤਨ ਨੇ ਮਦਦ ਕੀਤੀ ਸੀ। ਬੀਤੀ 8 ਜੁਲਾਈ ਨੂੰ ਜਦੋਂ ਪੁਲੀਸ ਜਸਪ੍ਰੀਤ ਅਤੇ ਰਾਮ ਰਤਨ ਨੂੰ ਬਰਾਮਦਗੀ ਲਈ ਲੈ ਕੇ ਜਾ ਰਹੇ ਸਨ ਤਾਂ ਮੁੱਠਭੇੜ ਵਿੱਚ ਦੋਵਾਂ ਦੀ ਮੌਤ ਹੋ ਗਈ ਸੀ। ਬਹੁਜਨ ਸਮਾਜ ਪਾਰਟੀ ਹਲਕਾ ਘਨੌਰ ਦੇ ਕੋ-ਆਰਡੀਨੇਟਰ ਐਡਵੋਕੇਟ ਜਸਪਾਲ ਸਿੰਘ ਕਾਮੀ ਕਲਾਂ ਅਤੇ ਸੂਬਾ ਮੀਤ ਪ੍ਰਧਾਨ ਬਲਦੇਵ ਸਿੰਘ ਮਹਿਰਾ ਨੇ ਦੱਸਿਆ ਕਿ ਉਨ੍ਹਾਂ ਸਮੇਤ ਮ੍ਰਿਤਕ ਦੀ ਮਾਤਾ ਪਰਵਿੰਦਰ ਕੌਰ, ਭੈਣ ਜਰਮਨਜੀਤ ਕੌਰ, ਦਾਦਾ ਸੋਮ ਸਿੰਘ ਅਤੇ ਚਾਚਾ ਸੁਖਵੰਤ ਸਿੰਘ ਅਬੋਹਰ ਤੋਂ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲੈ ਕੇ ਆਏ ਹਨ। ਉਨ੍ਹਾਂ ਦੱਸਿਆ ਕਿ ਅਬੋਹਰ ਪੁਲੀਸ ਨੇ ਉਨ੍ਹਾਂ ਨੂੰ ਜਸਪ੍ਰੀਤ ਅਤੇ ਰਾਮ ਰਤਨ ਦੇ ਵਾਰਦਾਤ ਵਿਚ ਸ਼ਾਮਲ ਹੋਣ ਦੇ ਸਬੂਤ ਦਿਖਾਏ ਹਨ। ਬੀਤੀ ਰਾਤ ਜੁਡੀਸ਼ੀਅਲ ਮੈਜਿਸਟਰੇਟ ਅਬੋਹਰ ਚੇਤਨ ਸ਼ਰਮਾ ਨੇ ਧਾਰਾ 164 ਤਹਿਤ ਮ੍ਰਿਤਕ ਦੀ ਮਾਤਾ, ਭੈਣ ਅਤੇ ਦਾਦਾ ਦੇ ਬਿਆਨ ਦਰਜ ਕੀਤੇ ਹਨ।