ਹਰ ਵਰਗ ਲਈ ਕੰਮ ਕਰ ਰਹੀ ਹੈ ‘ਆਪ’: ਮੀਰੀ
‘ਆਪ’ ਦੇ ਬਲਾਕ ਪ੍ਰਧਾਨ ਅਮਰਿੰਦਰ ਸਿੰਘ ਮੀਰੀ ਨੇ ਕਿਹਾ ਕਿ ਪੰਜਾਬ ਵਿਚ ਕਈ ਸਰਕਾਰਾਂ ਆਈਆਂ ਅਤੇ ਕਈ ਸਰਕਾਰਾਂ ਗਈਆਂ ਪਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲ਼ੀ ਆਮ ਆਦਮੀ ਪਾਰਟੀ ਦੀ ਸਰਕਾਰ ਸੱਚਮੁੱਚ ਨੂੰ ਆਮ ਜਨਤਾ ਦੀ ਸਰਕਾਰ ਸਾਬਤ ਹੋ ਰਹੀ ਹੈ, ਸੂਬਾ ਸਰਕਾਰ ਨੇ ਆਪਣੇ ਕਾਰਜ ਕਾਲ ਵਿਚ ਹਰ ਆਮ ਆਦਮੀ ਦੀਆਂ ਸਹੂਲਤਾਂ ਦਾ ਖ਼ਿਆਲ ਰੱਖਿਆ ਹੈ। ਵਿਧਾਇਕਾ ਨੀਨਾ ਮਿੱਤਲ ਦੇ ਪੀਏ ਅਮਰਿੰਦਰ ਸਿੰਘ ਮੀਰੀ ਨੇ ਕਿਹਾ ਕਿ ‘ਆਪ’ ਦੀ ਸਰਕਾਰ ਹਰ ਵਰਗ ਲਈ ਕੰਮ ਕਰ ਰਹੀ ਹੈ। ਸਰਕਾਰ ਵੱਲੋਂ ਹਰ ਵਰਗ ਲਈ ਬਿਜਲੀ ਦੀਆਂ 600 ਯੂਨਿਟਾਂ ਮੁਫ਼ਤ ਕੀਤੀਆਂ ਹੋਈਆਂ ਹਨ। ਹੁਣ ਸਰਕਾਰ ਨੇ ਹਰ ਵਰਗ ਲਈ 10 ਲੱਖ ਰੁਪਏ ਤਕ ਦੇ ਮੁਫ਼ਤ ਇਲਾਜ ਲਈ ਮੁੱਖ ਮੰਤਰੀ ਸਿਹਤ ਯੋਜਨਾ ਲਿਆਂਦੀ ਹੈ। ਉਨ੍ਹਾਂ ਦੱਸਿਆ ਕਿ ਇਸ ਸਕੀਮ ਨਾਲ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿੱਚ ਮੁਫ਼ਤ ਅਤੇ ਵਧੀਆ ਸਿਹਤ ਸਹੂਲਤਾਂ ਮਿਲਣਗੀਆਂ। ਉਨ੍ਹਾਂ ਕਿਹਾ ਕਿ ਆਉਣ ਵਾਲੇ ਤਿੰਨ ਮਹੀਨੇ ਵਿੱਚ ਇਸ ਨੂੰ 552 ਨਿੱਜੀ ਹਸਪਤਾਲਾਂ ਤੋਂ ਵਧਾ ਕੇ 1000 ਹਸਪਤਾਲਾਂ ਤੱਕ ਕਰਨ ਦੀ ਯੋਜਨਾ ਹੈ। ਉਨ੍ਹਾਂ ਕਿਹਾ ਕਿ ਸੂਬਾ ਸਰਕਾਰ ਨੇ ਐੱਸਸੀ ਭਾਈਚਾਰੇ ਦੇ ਲੋਕਾਂ ਲਈ 67.84 ਕਰੋੜ ਰੁਪਏ ਦੀ ਕਰਜ਼ਾ ਮੁਆਫ਼ੀ ਨਾਲ ਕਰੀਬ 4,800 ਪਰਿਵਾਰਾਂ ਦਾ ਕਰਜ਼ ਮਾਫ਼ ਕਰ ਕੇ ਉਨ੍ਹਾਂ ਨੂੰ ਮੁੜ ਪੈਰਾਂ ਸਿਰ ਕਰਨ ਦੀ ਬਿਹਤਰ ਕੋਸ਼ਿਸ਼ ਕੀਤੀ ਹੈ।