‘ਆਪ’ ਸਰਕਾਰ ਹਰ ਫਰੰਟ ’ਤੇ ਨਾਕਾਮ: ਭੱਟੀਆਂ
ਪੰਜਾਬ ਵਿਚ ਹੜ੍ਹਾਂ ਨੇ ਕਿਸਾਨਾਂ ਅਤੇ ਆਮ ਲੋਕਾਂ ਦਾ ਵੱਡੇ ਪੱਧਰ ’ਤੇ ਨੁਕਸਾਨ ਕੀਤਾ ਹੈ ਪਰ ਸੂਬਾ ਸਰਕਾਰ ਨੇ ਇਸ ਸੰਕਟ ਨਾਲ ਨਜਿੱਠਣ ਲਈ ਕੋਈ ਠੋਸ ਕਦਮ ਨਹੀਂ ਚੁੱਕੇ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਾਂਗਰਸ ਪਾਰਟੀ ਦੇ ਜਨਰਲ ਸਕੱਤਰ ਅਤੇ ਸੀਨੀਅਰ ਕਾਂਗਰਸੀ ਆਗੂ ਚੌਧਰੀ ਨਿਰਮਲ ਭੱਟੀਆਂ ਨੇ ਘੱਗਰ ਦਰਿਆ ਅਤੇ ਟਾਂਗਰੀ ਨਦੀ ਦੇ ਨਾਲ ਲੱਗਦੇ ਪਿੰਡਾਂ ਦਾ ਦੌਰਾ ਕਰਨ ਉਪਰੰਤ ਕੀਤਾ। ਪਿੰਡ ਜੁਲਾਹਖੇੜੀ ਵਿੱਚ ਗੱਲਬਾਤ ਕਰਦਿਆਂ ਚੌਧਰੀ ਨਿਰਮਲ ਭੱਟੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਹਰ ਫਰੰਟ ’ਤੇ ਫੇਲ੍ਹ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਅੱਜ ਪੰਜਾਬ ਦੇ ਲਗਭਗ 1400 ਪਿੰਡ ਹੜ੍ਹ ਨਾਲ ਪ੍ਰਭਾਵਿਤ ਹਨ। ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਹਨ ਤੇ ਘਰ ਢਹਿ ਗਏ ਹਨ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਸਮੇਂ ਸਿਰ ਤਿਆਰੀ ਕੀਤੀ ਹੁੰਦੀ ਤਾਂ ਇਸ ਨੁਕਸਾਨ ਨੂੰ ਰੋਕਿਆ ਜਾ ਸਕਦਾ ਸੀ। ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪ੍ਰਧਾਨ ਬਲਾਕ ਭੁਨਰਹੇੜੀ ਸੁਖਵਿੰਦਰ ਸਿੰਘ ਲਾਲੀ ਨੇ ਕਿਹਾ ਕਿ ਪਿੰਡ ਮਹਿਮੂਦਪੁਰ ਨੇੜੇ ਘੱਗਰ ਦਰਿਆ ਵਿਚ ਕਿਸੇ ਸਮੇਂ ਵੀ ਪਾੜ ਪੈ ਸਕਦਾ। ਇਸ ਮੌਕੇ ਚੇਅਰਮੈਨ ਪਰਮਜੀਤ ਸਿੰਘ ਮਹਿਮੂਦਪੁਰ, ਹਲਦੀ ਸਿੰਘ ਤੇ ਕਾਹਨ ਸਿੰਘ ਮੰਜਾਲ ਆਦਿ ਹਾਜ਼ਰ ਸਨ।