ਅਕਾਲੀ ਦਲ ਦੀ ਆਵਾਜ਼ ਨਹੀਂ ਦਬਾਅ ਸਕਦੀ ‘ਆਪ’: ਸ਼ਰਮਾ
ਪੱਤਰ ਪ੍ਰੇਰਕ
ਪਟਿਆਲਾ, 7 ਜੁਲਾਈ
ਸ਼੍ਰੋਮਣੀ ਅਕਾਲੀ ਦਲ ਦੇ ਪਟਿਆਲਾ ਲੋਕ ਸਭਾ ਹਲਕੇ ਤੋਂ ਇੰਚਾਰਜ ਅਤੇ ਅਕਾਲੀ ਦਲ ਦੇ ਖ਼ਜ਼ਾਨਚੀ ਐੱਨਕੇ ਸ਼ਰਮਾ ਨੇ ਕਿਹਾ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ‘ਆਪ’ ਸਰਕਾਰ ਧੱਕੇਸ਼ਾਹੀ ਨਾਲ ਅਕਾਲੀ ਦਲ ਦੀ ਆਵਾਜ਼ ਨਹੀਂ ਦਬਾਅ ਸਕਦੀ ਤੇ ਅਕਾਲੀ ਦਲ ਹਮੇਸ਼ਾ ਹੀ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦਾ ਰਿਹਾ ਹੈ ਤੇ ਰਹੇਗਾ। ਅੱਜ ਇੱਥੇ ਪਟਿਆਲਾ ਜ਼ਿਲ੍ਹਾ ਅਕਾਲੀ ਜਥੇ ਦੀ ਭਰਵੀਂ ਮੀਟਿੰਗ ਵਿੱਚ ਐੱਨਕੇ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਉਨ੍ਹਾਂ ਯੋਧਿਆਂ ਦੀ ਪਾਰਟੀ ਹੈ ਜਿਸ ਨੇ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਲਗਾਈ ਐਮਰਜੈਂਸੀ ਦਾ ਵੀ ਡਟਵਾਂ ਵਿਰੋਧ ਕੀਤਾ ਸੀ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਦਰਜ ਕੀਤੇ ਪਰਚੇ ਦੀ ਗੱਲ ਕਰਦਿਆਂ ਸ਼ਰਮਾ ਨੇ ਕਿਹਾ ਕਿ ਭਗਵੰਤ ਮਾਨ ਨੂੰ ਇਸ ਗੱਲ ਦਾ ਡਰ ਸਤਾਉਂਦਾ ਹੈ ਕਿ ਬਿਕਰਮ ਸਿੰਘ ਮਜੀਠੀਆ ਨਿੱਤ ਦਿਹਾੜੇ ਸਰਕਾਰ ਦੀਆਂ ਨਵੀਂਆਂ ਤੋਂ ਨਵੀਂਆਂ ਪੋਲਾਂ ਖੋਲ੍ਹਦਾ ਹੈ, ਇਸ ਕਰ ਕੇ ਉਨ੍ਹਾਂ ’ਤੇ ਆਮਦਨ ਨਾਲੋਂ ਵੱਧ ਜਾਇਦਾਦ ਬਣਾਉਣ ਦਾ ਪਰਚਾ ਦਰਜ ਕੀਤਾ ਹੈ ਜਦੋਂ ਕਿ ਉਨ੍ਹਾਂ ਦੀ ਪਰਿਵਾਰਕ ਆਮਦਨ ਤੇ ਪਿਛੋਕੜ ਦਾ ਸਭ ਨੂੰ ਪਤਾ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅੱਜ ਡਟ ਕੇ ਹਰ ਅਕਾਲੀ ਵਰਕਰ ਦੇ ਨਾਲ ਖੜ੍ਹੇ ਹਨ ਭਾਵੇਂ ਉਹ ਵੱਡਾ ਸੀਨੀਅਰ ਨੇਤਾ ਹੋਵੇ ਜਾਂ ਆਮ ਸਾਧਾਰਨ ਵਰਕਰ ਹੋਵੇ। ਉਨ੍ਹਾਂ ਕਿਹਾ ਕਿ ਸਰਕਾਰ ਦੀ ਇਸ ਧੱਕੇਸ਼ਾਹੀ ਤੋਂ ਨਾ ਕਦੇ ਅਕਾਲੀ ਦਲ ਡਰਿਆ ਹੈ ਤੇ ਨਾ ਹੀ ਡਰੇਗਾ। ਉਨ੍ਹਾਂ ਕਿਹਾ ਕਿ ਸਰਕਾਰ ਦੀ ਧੱਕੇਸ਼ਾਹੀ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਜਾਵੇਗਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਪਟਿਆਲਾ ਦੀ ਨਵੀਂ ਟੀਮ ਦਾ ਐਲਾਨ ਵੀ ਜਲਦ ਹੀ ਕੀਤਾ ਜਾਵੇਗਾ।
ਉਨ੍ਹਾਂ ਕਿਹਾ ਕਿ ਭਰਤੀ ਮੁਹਿੰਮ ਸਮਾਪਤ ਹੋਣ ਮਗਰੋਂ ਬਹੁਤ ਵੱਡੀ ਗਿਣਤੀ ਵਿਚ ਦਾਅਵੇਦਾਰ ਅੱਗੇ ਆਏ ਹਨ ਤੇ ਪਾਰਟੀ ਲੀਡਰਸ਼ਿਪ ਵੱਲੋਂ ਇਸ ਮਾਮਲੇ ਵਿਚ ਜਲਦ ਹੀ ਫ਼ੈਸਲਾ ਲਿਆ ਜਾਵੇਗਾ। ਇਸ ਮੌਕੇ ਪਾਰਟੀ ਦੇ ਯੂਥ ਵਿੰਗ ਦੇ ਪ੍ਰਧਾਨ ਸਰਬਜੀਤ ਸਿੰਘ ਝਿੰਜਰ, ਜਸਪਾਲ ਸਿੰਘ ਬਿੱਟੂ ਚੱਠਾ, ਹਲਕਾ ਸ਼ੁਤਰਾਣਾ ਤੋਂ ਕਬੀਰ ਦਾਸ, ਮੱਖਣ ਸਿੰਘ ਲਾਲਕਾ, ਸੁਰਜੀਤ ਸਿੰਘ ਗੜ੍ਹੀ, ਬਲਜਿੰਦਰ ਸਿੰਘ ਹਰਿਆਊ, ਅਮਰਿੰਦਰ ਸਿੰਘ ਬਜਾਜ, ਕਬੀਰ ਦਾਸ, ਹਰਪ੍ਰੀਤ ਕੌਰ ਮੁਖਮੇਲਪੁਰ, ਮਾਲਵਿੰਦਰ ਸਿੰਘ ਝਿੱਲ, ਪਰਮਜੀਤ ਸਿੰਘ ਪੰਮਾ ਸਮੇਤ ਵੱਡੀ ਗਿਣਤੀ ਵਿੱਚ ਆਗੂ ਹਾਜ਼ਰ ਸਨ।