‘ਆਪ’ ਵੱਲੋਂ ਰਣਜੋਧ ਹਡਾਣਾ ਹਲਕਾ ਸਨੌਰ ਦੇ ਇੰਚਾਰਜ ਨਿਯੁਕਤ
ਆਮ ਆਦਮੀ ਪਾਰਟੀ ਵੱਲੋਂ ਪੀਆਰਟੀਸੀ ਦੇ ਚੇਅਰਮੈਨ ਰਣਜੋਤ ਸਿੰਘ ਹਡਾਣਾ ਨੂੰ ਹਲਕਾ ਸਨੌਰ ਦਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਰਣਜੋਧ ਸਿੰਘ ਹਡਾਣਾ ਆਮ ਆਦਮੀ ਪਾਰਟੀ ਵਿੱਚ ਸ਼ੁਰੂ ਤੋਂ ਸਰਗਰਮ ਆਗੂ ਰਹੇ ਹਨ। ਉਹ ਸਨੌਰ ਹਲਕੇ ਤੋਂ ਪਿਛਲੀਆਂ ਵਿਧਾਨ ਸਭਾ ਅਤੇ ਹਲਕਾ ਪਟਿਆਲਾ ਤੋਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਟਿਕਟ ਦੇ ਮਜ਼ਬੂਤ ਦਾਅਵੇਦਾਰ ਸਨ। ਵਿਧਾਇਕ ਹਰਮੀਤ ਸਿੰਘ ਪਠਾਣਮਾਜਰਾ ਦੇ ਪਾਰਟੀ ਤੋਂ ਪਾਸਾ ਵੱਟਣ ਨਾਲ ਸਨੌਰ ਦੇ ਵਰਕਰ ਇੰਚਾਰਜ ਮੁਕਤ ਹੋ ਗਏ ਸਨ। ਹਲਕਾ ਸਨੌਰ ਦਾ ਇੰਚਾਰਜ ਲੱਗਣ ਲਈ ਤਿੰਨ ਪ੍ਰਮੁੱਖ ਆਗੂ ਕਤਾਰ ਵਿੱਚ ਸ਼ਾਮਲ ਸਨ ਜਿਨ੍ਹਾਂ ਵਿੱਚੋਂ ਪਾਰਟੀ ਨੇ ਰਣਜੋਧ ਸਿੰਘ ਹਡਾਣਾ ਨੂੰ ਸਨੌਰ ਦੀ ਕਮਾਨ ਸੰਭਾਲੀ ਹੈ। ਹਡਾਣਾ ਨੇ ਪਾਰਟੀ ਪ੍ਰਧਾਨ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ, ਪੰਜਾਬ ਪ੍ਰਧਾਨ ਅਮਨ ਅਰੋੜਾ, ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਸੀਨੀਅਰ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਉਹ ਪਾਰਟੀ ਵੱਲੋਂ ਹਲਕੇ ਦੀ ਮਿਲੀ ਜ਼ਿਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਹਡਾਣਾ ਨੇ ਕਿਹਾ ਕਿ ਹਲਕੇ ਸਨੌਰ ਦੇ ਵਿਕਾਸ ਕਾਰਜਾਂ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ।