ਪਟਿਆਲਾ ਦੀ ਦਿੱਖ ਸੰਵਾਰਨ ਦਾ ਅਹਿਦ
ਪਟਿਆਲਾ ਸ਼ਹਿਰ ਵਿੱਚ ਵਧ ਰਹੀ ਆਵਾਜਾਈ ਸਮੱਸਿਆ ਦੇ ਹੱਲ ਅਤੇ ਟੁੱਟੀਆਂ ਸੜਕਾਂ ਦੀ ਮੁਰੰਮਤ ਲਈ ਨਗਰ ਨਿਗਮ ਵੱਲੋਂ ਤੇਜ਼ੀ ਨਾਲ ਕਾਰਵਾਈ ਕੀਤੀ ਜਾ ਰਹੀ ਹੈ। ਇਸੇ ਤਹਿਤ ਅਜੀਤ ਨਗਰ ਵਿੱਚ ਲੰਮੇ ਸਮੇਂ ਤੋਂ ਬਕਾਇਆ ਪਏ ਮੇਨ ਰੋਡ ਦੇ ਨਿਰਮਾਣ ਦਾ ਕੰਮ ਅੱਜ ਮੇਅਰ ਕੁੰਦਨ ਗੋਗੀਆ ਅਤੇ ਨਿਗਮ ਕਮਿਸ਼ਨਰ ਪਰਮਜੀਤ ਸਿੰਘ ਨੇ ਸ਼ੁਰੂ ਕਰਵਾਇਆ। ਇਸ ਮੌਕੇ ਕੌਂਸਲਰ ਹਨੀ ਲੁਥਰਾ ਅਤੇ ਹੋਰ ਵੀ ਮੌਜੂਦ ਸਨ। ਉਨ੍ਹਾਂ ਕਿਹਾ ਕਿ ਸ਼ਹਿਰ ਦੇ ਹਰ ਖੇਤਰ ਵਿੱਚ ਬੁਨਿਆਦੀ ਢਾਂਚੇ ਨੂੰ ਮਜ਼ਬੂਤ ਕਰਨਾ ਨਿਗਮ ਦੀ ਪਹਿਲ ਹੈ। ਅਜੀਤ ਨਗਰ ਦੀ ਮੇਨ ਰੋਡ ਕੁਝ ਮਹੀਨਿਆਂ ਤੋਂ ਖਰਾਬ ਹਾਲਤ ਵਿੱਚ ਸੀ, ਜਿਸ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਸੜਕ ਦੇ ਟੁੱਟੇ ਹਿੱਸਿਆਂ ਕਾਰਨ ਆਵਾਜਾਈ ਜਾਮ ਅਤੇ ਹਾਦਸਿਆਂ ਦੇ ਵੀ ਖ਼ਤਰੇ ਵਧ ਗਏ ਸਨ। ਕਮਿਸ਼ਨਰ ਨੇ ਕਿਹਾ ਕਿ ਨਵੀਂ ਸੜਕ ਦਾ ਨਿਰਮਾਣ ਨਿਯਮਾਂ ਅਤੇ ਗੁਣਵੱਤਾ ਮਾਪਦੰਡਾਂ ਅਧੀਨ ਕੀਤਾ ਜਾਵੇਗਾ। ਉਨ੍ਹਾਂ ਇੰਜਨੀਅਰਿੰਗ ਵਿਭਾਗ ਨੂੰ ਖਾਸ ਤੌਰ ’ਤੇ ਹੁਕਮ ਦਿੱਤੇ ਕਿ ਸਮੱਗਰੀ ਦੀ ਗੁਣਵੱਤਾ ’ਤੇ ਕੋਈ ਸਮਝੌਤਾ ਨਾ ਕੀਤਾ ਜਾਵੇ। ਇਸ ਦੌਰਾਨ ਸੀਵਰੇਜ, ਪਾਣੀ ਨਿਕਾਸ ਪ੍ਰਣਾਲੀ ਅਤੇ ਸੜਕ ਦੇ ਦੋਵੇਂ ਪਾਸੇ ਗਲੀਆਂ ਦੀ ਮੁਰੰਮਤ ਕੀਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਮੀਂਹ ਦੇ ਸਮੇਂ ਪਾਣੀ ਖੜ੍ਹੇ ਹੋਣ ਦੀ ਸਮੱਸਿਆ ਨਾ ਬਣੇ। ਇਸ ਮੌਕੇ ਸਥਾਨਕ ਵਸਨੀਕਾਂ ਅਤੇ ਦੁਕਾਨਦਾਰਾਂ ਨੇ ਇਸ ਕਦਮ ਦੀ ਸਰਾਹਨਾ ਕੀਤੀ। ਲੋਕਾਂ ਨੇ ਕਿਹਾ ਕਿ ਖਰਾਬ ਸੜਕ ਕਾਰਨ ਉਨ੍ਹਾਂ ਨੂੰ ਬੱਚਿਆਂ ਨੂੰ ਸਕੂਲ ਲੈ ਕੇ ਜਾਣ, ਰੋਜ਼ਾਨਾ ਸਫ਼ਰ ਅਤੇ ਐਂਬੂਲੈਂਸ ਆਵਾਜਾਈ ਵਿੱਚ ਬਹੁਤ ਸਮੱਸਿਆ ਆ ਰਹੀ ਸੀ।
