ਸੂਬੇਦਾਰ ਕਰਤਾਰ ਸਿੰਘ ਦੀ ਬਰਸੀ ਮੌਕੇ ਵਿਸ਼ਾਲ ਇਕੱਠ ਜੁੜਿਆ
ਪ੍ਰਵਾਸੀ ਭਾਰਤੀ ਦਰਸ਼ਨ ਸਿੰੰਘ ਧਾਲੀਵਾਲ (ਯੂ ਐੱਸ ਏ), ਸਾਬਕਾ ਅਕਾਲੀ ਮੰਤਰੀ ਸੁਰਜੀਤ ਸਿੰਘ ਰੱਖੜਾ ਅਤੇ ਅਕਾਲੀ ਆਗੂ ਚਰਨਜੀਤ ਸਿੰਘ ਰੱਖੜਾ ਵੱਲੋਂ ਆਪਣੇ ਪਿਤਾ ਉੱਘੇ ਸਮਾਜ ਸੈਵੀ ਸੂਬੇਦਾਰ ਕਰਤਾਰ ਸਿੰਘ ਧਾਲੀਵਾਲ ਦੀ 29ਵੀਂ ਸਾਲਾਨਾ ਬਰਸੀ ਮੌਕੇ ਰੱਖੜਾ ’ਚ ਸਥਿਤ ਰੱਖੜਾ ਪਰਿਵਾਰ ਨੇ ਸ਼ਰਧਾਂਜਲੀ ਸਮਾਗਮ ਕਰਵਾਇਆ। ਇਸ ਦੌਰਾਨ ਅਖੰਡ ਪਾਠ ਦੇ ਭੋਗ ਪਾਏ ਗਏ। ਇਸ ਮੌਕੇ ਰਾਧਾ ਸੁਆਮੀ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੇ ਵੀ ਸ਼ਿਰਕਤ ਕੀਤੀ। ਉਨ੍ਹਾਂ ਆਪਣਾ ਹੈਲੀਕਾਪਟਰ ਪਟਿਆਲਾ ਸ਼ਹਿਰ ਵਿੱਚ ਸਰਹਿੰਦ ਰੋਡ ’ਤੇ ਗਿੱਲ ਐਨਕਲੇਵ ਵਿੱਚ ਪੈਂਦੇ ਆਪਣੇ ਇੱਕ ਸ਼ਰਧਾਲੂ, ਜੀ ਐੱਸ ਏ ਇੰਡਸਟਰੀਜ਼ ਦੌਲਤਪੁਰ ਦੇ ਮਾਲਕ ਜਤਿੰਦਰਪਾਲ ਸਿੰਘ ਦੇ ਆਲ਼ੀਸ਼ਾਨ ਘਰ ਵਿੱਚ ਉਤਾਰਿਆ। ਇਸ ਮੌਕੇ ਅਕਾਲੀ ਦਲ ਪੁਨਰ ਸੁਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ, ਸੰਤ ਰਣਜੀਤ ਸਿੰਘ ਢੱਡਰੀਆਂਵਾਲੇ, ਸ਼੍ਰੋਮਣੀ ਕਮੇਟੀ ਦੇ ਸਾਬਕਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ, ਸਾਬਕਾ ਸੰਸਦ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਅਤੇ ਪਰਮਿੰਦਰ ਸਿੰਘ ਢੀਂਡਸਾ ਸਮੇਤ ਅਨੇਕਾਂ ਹੋਰ ਸਿਆਸੀ, ਧਾਰਮਿਕ, ਸਮਾਜ ਸੈਵੀ ਤੇ ਕਿਸਾਨ ਆਗੂਆਂ ਨੇ ਵੀ ਸ਼ਿਰਕਤ ਕੀਤੀ। ਸਮੁੱਚੀ ਇਕੱਤਰਤਾ ਨੇ ਆਪਣੇ ਪਿਤਾ ਕਰਤਾਰ ਸਿੰਘ ਧਾਲੀਵਾਲ਼ ਦੇ ਪਦ ਚਿੰਨਾ ’ਤੇ ਚੱਲਦਿਆਂ ਸਮਾਜ ਸੇਵਾ ’ਚ ਤਤਪਰ ਰੱਖੜਾ ਪਰਿਵਾਰ ਦੀ ਭਰਵੀਂ ਸ਼ਲਾਘਾ ਕੀਤੀ। ਬੁਲਾਰਿਆਂ ਨੇ ਉਚੇਚਾ ਜ਼ਿਕਰ ਕੀਤਾ ਕਿ ਇਹ ਪਰਿਵਾਰ ਜਿੱਥੇ ਹਮੇਸ਼ਾ ਤੋਂ ਹੀ ਗਰੀਬਾਂ, ਮਜਲੂਮਾ ਤੇ ਲੋੜਵੰਦਾਂ ਲਈ ਢਾਲ਼ ਬਣ ਕੇ ਖੜ੍ਹਦਾ ਹੈ, ਉਥੇ ਹੀ ਐਤਕੀਂ ਆਏ ਹੜ੍ਹਾਂ ਦੌਰਾਨ ਵੀ ਪੀੜਤਾਂ ਦੀ ਚੋਖੀ ਵਿੱਤੀ ਤੇ ਹੋਰ ਮਦਦ ਕੀਤੀ ਹੈ। ਵਿਦੇਸ਼ ’ਚ ਰਹਿੰਦਿਆਂ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕਰ ਰਹੇ ਦਰਸ਼ਨ ਸਿੰਘ ਧਾਲੀਵਾਲ ਦੀ ਭਰਵੀਂ ਸ਼ਲਾਘਾ ਹੋਈ। ਰੱਖੜਾ ਪਰਿਵਾਰ ਦੇ ਫਰਜੰਦ ਸੁੱਖੀ ਰੱਖੜਾ ਵੀ ਸੰਗਤਾਂ ਦੀ ਸੇਵਾ ਕਰਦੇ ਨਜ਼ਰ ਆਏ। ਇਸ ਮੌਕੇ ਰਣਬੀਰ ਸਿੰਘ ਖੱਟੜਾ, ਚਰਨਜੀਤ ਬਰਾੜ, ਸੁੱਚਾ ਸਿੰਘ ਛੋਟੇਪੁਰ, ਇਕਬਾਲ ਸਿੰਘ ਝੂੰਦਾ, ਗੁਰਪ੍ਰਤਾਪ ਸਿੰਘ ਵਡਾਲਾ, ਤੇਜਿੰਦਰਪਾਲ ਸੰਧੂ, ਹਰਿੰਦਰਪਾਲ ਚੰਦੂਮਾਜਰਾ, ਸਤਵਿੰਦਰ ਟੌਹੜਾ,ਜਸਮੇਰ ਲਾਛੜੂ, ਜਰਨੈਲ ਕਰਤਾਰਪੁਰ, ਹਰਦਿਆਲ ਕੰਬੋਜ, ਜਗਤਾਰ ਰਾਜਲਾ, ਵਿਸ਼ਨੂੰ ਸ਼ਰਮਾ, ਨਿਰਮਲ ਭੱਟੀਆਂ, ਜਗਜੀਤ ਕੋਹਲੀ, ਸੰਤਾ ਸਿੰਘ ਉਮੈਦਪੁਰੀ, ਅਜੇਪਾਲ ਮੀਰਾਂਕੋਟ, ਹਰਦੇਵ ਸਿੰਘ ਦੇਵਮਾਨ, ਰਣਜੀਤ ਕੌਰ ਤਲਵੰਡੀ, ਐਮ.ਪੀ ਸਤਨਾਮ ਸੰਧੂ, ਬਲਦੇਵ ਮਾਨ, ਰਣਧੀਰ ਰੱਖੜਾ, ਜਸਪਾਲ ਕਲਿਆਣ, ਰਵਿੰਦਰ ਸ਼ਾਹਪੁਰ, ਕਰਨ ਸਿੰਘ ਡੀ ਟੀ ਓ, ਮਲਕੀਤ ਚੰਗਾਲ ਅਤੇ ਸੁਖਵਿੰਦਰ ਔਲਖ ਆਦਿ ਵੀ ਨੇ ਵੀ ਇਸ ਸ਼ਰਧਾਂਜਲੀ ਸਮਾਰੋਹ ’ਚ ਸ਼ਿਰਕਤ ਕੀਤੀ।
ਸਿਧਾਂਤਾਂ ਦੇ ਆਧਾਰ ’ਤੇ ਹੀ ਹੋ ਸਕਦੀ ਹੈ ਪੰਥਕ ਏਕਤਾ: ਗਿਆਨੀ ਹਰਪ੍ਰੀਤ ਸਿੰਘ
Advertisementਬਰਸੀ ਸਮਾਗਮ ’ਚ ਪਹੁੰਚੇ ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ (ਸਾਬਕਾ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ) ਦਾ ਕਹਿਣਾ ਹੈ ਕਿ ਪੰਥਕ ਏਕਤਾ ਸਿਰਫ ਸਿਧਾਂਤਾਂ ਦੇ ਆਧਾਰ ’ਤੇ ਹੀ ਹੋ ਸਕਦੀ ਹੈ, ਕਿਉਂਕਿ ਪੰਥ ਪ੍ਰਥਮ ਹੈ ਜਿਸ ਤੋਂ ਹੀ ਅਸੀਂ ਸੇਧ ਲੈ ਕੇ ਚੱਲਦੇ ਹਾਂ। ਉਨ੍ਹਾਂ ਬਿਨਾਂ ਕਿਸੇ ਦਾ ਨਾਂ ਲਏ ਕਿਹਾ ਕਿ ਜਦੋਂ ਤੱਕ ਨਿਰੋਲ ਰੂਪ ’ਚ ਪੰਥ ਨੂੰ ਸਮਰਪਿਤ ਹੋ ਕੇ ਪੰਥਕ ਹਿਤਾਂ ਦੀ ਗੱਲ ਨਹੀ ਕੀਤੀ ਜਾਂਦੀ, ਉਦੋਂ ਤੱਕ ਅਜਿਹੀ ਹੀ ਦੁਰਦਸ਼ਾ ਹੁੰਦੀ ਰਹਿਣੀ ਹੈ। ਇਸ ਲਈ ਜਿੰਨੀ ਛੇਤੀ ਹੋ ਸਕੇ ਨਿੱਜ ਪ੍ਰਸਤੀ ਅਤੇ ਹਊਮੇ ਦਾ ਤਿਆਗ ਕਰ ਦੇਣਾ ਚਾਹੀਦਾ ਹੈ। ਭਾਜਪਾ ਨਾਲ ਸਮਝੌਤੇ ਬਾਰੇ ਉਨ੍ਹਾਂ ਕਿਹਾ ਕਿ ਚੋਣ ਸਮਝੌਤੇ ਸਬੰਧੀ ਉਨ੍ਹਾਂ ਦੀ ਪਾਰਟੀ ਦੀ ਹਾਲੇ ਤੱਕ ਭਾਜਪਾ ਨਾਲ ਕੋਈ ਵਾਰਤਾਲਾਪ ਨਹੀਂ ਹੋਈ।
