ਭਾਸ਼ਾ ਵਿਭਾਗ ਵੱਲੋਂ ਸ਼ਬਦ-ਜੋੜਾਂ ਬਾਰੇ ਗੋਸ਼ਟੀ
ਭਾਸ਼ਾ ਵਿਭਾਗ ਪੰਜਾਬ ਵੱਲੋਂ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਵਿੱਚ ਅੱਜ ਇੱਥੇ ਭਾਸ਼ਾ ਭਵਨ ਵਿੱਚ ਪੰਜਾਬੀ ਭਾਸ਼ਾ ਦੇ ਸ਼ਬਦ-ਜੋੜਾਂ ਬਾਰੇ ‘ਪ੍ਰਮਾਣਿਕ ਸ਼ਬਦ-ਜੋੜ: ਇੱਕ ਸੰਵਾਦ’ ਬਾਰੇ ਇੱਕ ਰੋਜ਼ਾ ਗੋਸ਼ਟੀ ਕਰਵਾਈ ਗਈ। ਗੋਸ਼ਟੀ ਦੇ ਪਹਿਲੇ ਸੈਸ਼ਨ ਦੀ ਪ੍ਰਧਾਨਗੀ ਡਾ. ਸੁਖਵਿੰਦਰ ਸਿੰਘ ਸੰਘਾ ਅਤੇ ਦੂਸਰੇ ਸੈਸ਼ਨ ਦੀ ਪ੍ਰਧਾਨਗੀ ਡਾ. ਜੋਗਾ ਸਿੰਘ ਨੇ ਕੀਤੀ। ਡਾਇਰੈਕਟਰ ਜ਼ਫ਼ਰ ਨੇ ਸਵਾਗਤੀ ਭਾਸ਼ਣ ਦੌਰਾਨ ਕਿਹਾ ਕਿ ਭਾਸ਼ਾ ਇੱਕ ਗਤੀਸ਼ੀਲ ਵਰਤਾਰਾ ਹੈ ਅਤੇ ਇਸ ਵਿੱਚ ਤਬਦੀਲੀਆਂ ਹੋਣੀਆਂ ਸੁਭਾਵਿਕ ਹਨ। ਖੋਜ ਅਫ਼ਸਰ ਸਤਪਾਲ ਸਿੰਘ ਚਹਿਲ ਨੇ ਗੋਸ਼ਟੀ ਦੀ ਰੂਪ-ਰੇਖਾ ਤੇ ਲੋੜ ਬਾਰੇ ਜਾਣਕਾਰੀ ਦਿੱਤੀ। ਜਗਤਾਰ ਸਿੰਘ ਸੋਖੀ ਨੇ ‘ਪੰਜਾਬੀ ਸ਼ਬਦ-ਜੋੜਾਂ ਦੇ ਚੋਣਵੇਂ ਨਿਯਮਾਂ’ ਸਬੰਧੀ ਦੋ ਅਹਿਮ ਮੁੱਦੇ ਚੁੱਕੇ। ਬੁਲਾਰਿਆਂ ਨੇ ਕਿਹਾ ਕਿ ਪਹਿਲਾਂ ਡਿਜੀਟਲ ਸਾਧਨਾਂ ਦੀ ਆਮਦ ਸਦਕਾ ਬਹੁਤ ਕਾਹਲੀ ’ਚ ਲਿਖਿਆ ਜਾਂਦਾ ਹੈ ਜਿਸ ਕਰਕੇ ਬਹੁਤ ਸਾਰੇ ਅੱਖਰ ਲਿਖਣ ਦੀ ਘੌਲ਼ ਕਰ ਜਾਂਦੀ ਹੈ ਤੇ ਸ਼ਬਦਾਂ ’ਚ ਵਿਗਾੜ ਪੈਦਾ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਗੂਗਲ ਟਰਾਂਸਲੇਟਰ ਆਦਿ ਰਾਹੀਂ ਅਨੁਵਾਦ ਕਰਨ ਸਮੇਂ ਵੀ ਵਾਕ ਬਣਤਰ ਵਿਗੜ ਜਾਂਦੀ ਹੈ। ਇਸੇ ਕਰਕੇ ਅਜੋਕੇ ਦੌਰ ’ਚ ਸ਼ੁੱਧ ਪੰਜਾਬੀ ਸਿੱਖਣ ਵਾਲਿਆਂ ਦੀ ਗਿਣਤੀ ਬਹੁਤ ਘਟ ਗਈ ਹੈ। ਸੈਸ਼ਨ ਦੇ ਪ੍ਰਧਾਨਗੀ ਭਾਸ਼ਣ ਦੌਰਾਨ ਡਾ. ਸੁਖਵਿੰਦਰ ਸਿੰਘ ਸੰਘਾ ਨੇ ‘ਪੰਜਾਬੀ ਧੁਨੀ ਵਿਉਂਤ ਅਤੇ ਗੁਰਮੁਖੀ ਲਿਪੀ ਬਾਰੇ ਸ਼ਬਦ-ਜੋੜਾਂ ਦੇ ਪ੍ਰਸੰਗ ਵਿੱਚ ਬੋਲਦਿਆਂ ਕਿਹਾ ਕਿ ਭਾਸ਼ਾ ਵਿਗਿਆਨਕ ਤੌਰ ’ਤੇ ਸ਼ਬਦ ਜੋੜ ਪ੍ਰਮਾਣਿਕ ਨਹੀਂ ਹੋ ਸਕਦੇ ਸਗੋਂ ਪ੍ਰਵਾਨਿਤ ਹੋ ਸਕਦੇ ਹਨ ਕਿਉਂਕਿ ਹਰੇਕ ਭਾਸ਼ਾ ਦੇ ਸ਼ਬਦਾਂ ’ਚ ਨਿਰੰਤਰ ਤਬਦੀਲੀਆਂ ਹੁੰਦੀਆਂ ਰਹਿੰਦੀਆਂ ਹਨ। ਮੰਚ ਸੰਚਾਲਨ ਖੋਜ ਅਫ਼ਸਰ ਡਾ. ਮਨਜਿੰਦਰ ਸਿੰਘ ਨੇ ਕੀਤਾ। ਗੋਸ਼ਟੀ ਦੇ ਦੂਸਰੇ ਸੈਸ਼ਨ ਦੌਰਾਨ ਡਾ. ਸੁਖਵਿੰਦਰ ਸਿੰਘ ਵੱਲੋਂ ਆਪਣੇ ਪਰਚੇ ‘ਪੰਜਾਬੀ ਸ਼ਬਦ-ਜੋੜਾਂ ਦੀ ਸਥਿਤੀ, ਸਰਵੇਖਣ ਤੇ ਮੁਲਾਂਕਣ’ ਰਾਹੀਂ ਅਜੋਕੇ ਸੰਚਾਰ ਸਾਧਨਾਂ ’ਚ ਪੰਜਾਬੀ ਸ਼ਬਦ-ਜੋੜਾਂ ਦੀ ਵਰਤੋਂ ਸਬੰਧੀ ਵਿਚਾਰ ਪੇਸ਼ ਕੀਤੇ ਗਏ।