ਪੰਥਕ ਸਿਆਸਤ ਵਿਚਲੇ ਖਲਾਅ ਦੀ ਪੂਰਤੀ ਲਈ ਟੌਹੜਾ ਦੀ ਵਿਰਾਸਤ ਨੂੰ ਅਪਣਾਉਣ ਦਾ ਹੋਕਾ
ਸਾਬਕਾ ਮੰਤਰੀ ਹਰਮੇਲ ਸਿੰਘ ਟੌਹੜਾ ਦੇ ਸ਼ਰਧਾਂਜਲੀ ਸਮਾਗਮ ਮੌਕੇ ਅਕਾਲੀ ਤੇ ਪੰਥਕ ਸਿਆਸਤ ਵੀ ਮੁੱਖ ਮੁੱਦੇ ਵਜੋਂ ਉਭਰ ਕੇ ਸਾਹਮਣੇ ਆਈ। ਪੰਥਕ ਸਿਆਸਤ ਵਿਚਲੇ ਖਲਾਅ ਲਈ ਬਾਦਲਕਿਆਂ ਨੂੰ ਕੋਸਦਿਆਂ ਵਿਰੋਧੀ ਧੜੇ ਦੀ ਲੀਡਰਸ਼ਿਪ ਨੇ ਆਪਣੀ ਪਕੜ ਨੂੰ ਮਜ਼ਬੂਤ ਕਰਨ ਲਈ ਇੱਥੇ ਪੰਥ ਰਤਨ ਗੁਰਚਰਨ ਸਿੰਘ ਟੌਹੜਾ ਦੇ ਨਾਮ ਦਾ ਸਹਾਰਾ ਵੀ ਲਿਆ। ਕੁਝ ਬੁਲਾਰਿਆਂ ਨੇ ਸ਼ਰਧਾਂਜਲੀ ਸਬੰਧੀ ਤਕਰੀਰਾਂ ਦੌਰਾਨ ਬਾਕਾਇਦਾ ਮੰਚ ਤੋਂ ਹੀ ਬਾਦਲ ਖੇਮੇ ਨੂੰ ਕਰੜੇ ਹੱਥੀਂ ਲਿਆ। ਪੰਥ ਪ੍ਰਤੀ ਉਸਾਰੂ ਅਤੇ ਪਾਏਦਾਰ ਸੋਚ ਤੇ ਵਿਚਾਰਧਾਰਾ ਰੱਖਣ ਵਾਲਿਆਂ ਨੂੰ ਅਪੀਲ ਕੀਤੀ ਗਈ ਕਿ ਉਹ ਮਰਹੂਮ ਟੌਹੜਾ ਦੀ ਸੋਚ ਨੂੰ ਲੈ ਕੇ ਗਿਆਨੀ ਹਰਪ੍ਰੀਤ ਸਿੰਘ ਦੀ ਅਗਵਾਈ ਹੇਠ ਅੱਗੇ ਵਧ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜਨ।
ਬਿਨਾਂ ਨਾਮ ਲਿਆਂ ਸੁਖਬੀਰ ਬਾਦਲ ਨੂੰ ਪੰਥਕ ਸਿਆਸਤ ’ਚ ਅਪ੍ਰਵਾਨਿਤ ਆਗੂ ਦੱਸਦਿਆਂ ਕਿਹਾ ਗਿਆ ਕਿ ਤਿਆਗ ਦੀ ਭਾਵਨਾ ਅਪਣਾਏ ਬਿਨਾਂ ਹੁਣ ਉਨ੍ਹਾਂ ਦੀ ਦਾਲ ਨਹੀਂ ਗਲਣੀ। ਖ਼ਾਸ ਕਰਕੇ ਗਿਆਨੀ ਹਰਪ੍ਰੀਤ ਸਿੰਘ ਨੇ ਪੰਥਕ ਸਫਾਂ ਦੀ ਮਜ਼ਬੂਤੀ ਲਈ ਟੌਹੜਾ ਦੀ ਵਿਰਾਸਤ ਨੂੰ ਅੱਗੇ ਵਧਾਉਣ ਦਾ ਹੋਕਾ ਵੀ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਟੌਹੜਾ ਦੀ ਵਿਰਾਸਤ ਪੰਥ ਪ੍ਰਸਤੀ, ਪੰਥਕ ਜਜ਼ਬਾ, ਤਿਆਗ ਤੇ ਸੰਜਮ ਦੀ ਭਾਵਨਾ, ਪੰਥ ਤੇ ਪੰਜਾਬੀਅਤ ਪ੍ਰਤੀ ਸੁਨੇਹ ਅਤੇ ਦਰਦ ਦਾ ਮਿਸ਼ਰਣ ਹੈ। ਉਨ੍ਹਾਂ ਕਿਹਾ ਕਿ ਜੇਕਰ ਪੰਥ ’ਚ ਖਲਾਅ ਪੈਦਾ ਕਰਨ ਲਈ ਜ਼ਿੰਮੇਵਾਰ ਲੋਕ ਤਿਆਗ ਦੀ ਭਾਵਨਾ ਅਪਣਾਉਣ ਲਈ ਅੱਗੇ ਆਉਂਦੇ ਹਨ ਤਾਂ ਉਹ ਖੁਦ ਵੀ ਅਜਿਹਾ ਤਿਆਗ ਵਿਖਾਉਂਦਿਆਂ ਅਕਾਲੀ ਦਲ ਦੇ ਸੇਵਾਦਾਰ ਦੀ ਮਿਲੀ ਸੇਵਾ ਤੋਂ ਖੁਦ-ਬ-ਖੁਦ ਸੁਰਖ਼ਰੂ ਹੋ ਜਾਣਗੇ। ਕਿਉਂਕਿ ਉਨ੍ਹਾਂ ਦਾ ਮੁੱਖ ਮਨੋਰਥ ਤਾਂ ਕੇਵਲ ਪੰਥ ਵਿਚਲਾ ਖਲਾਅ ਮਿਟਾਉਣਾ ਹੀ ਹੈ। ਇਸ ਮੌਕੇ ਸਿਆਸਤਦਾਨ ਪ੍ਰੇਮ ਸਿੰਘ ਚੰਦੂਮਾਜਰਾ ਨੇ ਵੀ ਪੰਥਕ ਸਿਆਸਤ ਵਿਚਲਾ ਖਲਾਅ ਪੂਰਨ ਲਈ ਤਿਆਗਮਈ ਭਾਵਨਾ ਵਾਲਾ ਸੰਕਲਪ ਲਿਆਉਣ ਦੀ ਗੱਲ ਆਖੀ।
ਅਸਲ ’ਚ ਸ਼ਰਧਾਂਜਲੀ ਸਮਾਗਮ ’ਚ ਅਜਿਹੀ ਚਰਚਾ ਦਾ ਆਗਾਜ਼ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਗਦੀਸ਼ ਸਿੰਘ ਝੀਂਡਾ ਵੱਲੋਂ ਪੰਥਕ, ਸਿੱਖ ਅਤੇ ਅਕਾਲੀ ਆਗੂਆਂ ਨੂੰ ਹਓਮੈ ਤਿਆਗ ਕੇ ਇੱਕਜੁਟ ਹੋਣ ਦੇ ਦਿੱਤੇ ਗਏ ਹੋਕੇ ਤੋਂ ਹੋਈ। ਉਨ੍ਹਾਂ ਦਾ ਕਹਿਣਾ ਸੀ ਕਿ ਪੰਥ ਤਾਂ ਜੋਣ ਹੁਣ ਕੇਵਲ ਭੋਗਾਂ ਅਤੇ ਵਿਆਹ ਸਮਾਗਮ ’ਚ ਇਕੱਠਾ ਹੋਣ ਜੋਗਾ ਹੀ ਰਹਿ ਗਿਆ ਹੈ, ਜਦੋਂ ਕਦੇ ਪੰਥਕ ਏਕਤਾ ਦੀ ਗੱਲ ਚੱਲਦੀ ਹੈ ਤਾਂ ਅਸੀਂ ‘ਗਤਕਾ ਖੇਡਣ ਲੱਗ ਜਾਂਦੇ ਹਾਂ’। ਕੁਝ ਗੈਰ ਅਕਾਲੀ ਬੁਲਾਰੇ ਵੀ ਟੌਹੜਾ ਵਰਗੀ ਹੋਣਹਾਰ ਹਸਤੀ ਦੇ ਹਵਾਲੇ ਨਾਲ ਅਸਿੱਧੇ ਢੰਗ ’ਚ ਪੰਥਕ ਝਗੜੇ ਵਾਲੀ ਰਗ ’ਤੇ ਹੱਥ ਧਰ ਗਏ।
ਜਥੇਬੰਦਕ ਢਾਂਚੇ ਦਾ ਐਲਾਨ ਜਲਦੀ: ਗਿਆਨੀ ਹਰਪ੍ਰੀਤ ਸਿੰਘ
ਸ਼ਰਧਾਂਜਲੀ ਸਮਾਗਮ ਦੀ ਸਮਾਪਤੀ ਤੋਂ ਤੁਰੰਤ ਬਾਅਦ ਸਾਥੀਆਂ ਨਾਲ ਮੀਟਿੰਗ ਕਰਨ ਮਗਰੋਂ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੀ ਪਾਰਟੀ ਦੇ ਜਥੇਬੰਦਕ ਢਾਂਚੇ ਦਾ ਜਲਦੀ ਵਿਸਤਾਰ ਕਰਨ ਦੀ ਗੱਲ ਵੀ ਆਖੀ। ਮੀਟਿੰਗ ’ਚ ਪ੍ਰੇਮ ਸਿੰਘ ਚੰਦੂਮਾਜਰਾ, ਸੁਰਜੀਤ ਰੱਖੜਾ, ਸੁੱਚਾ ਸਿੰਘ ਛੋਟੇਪੁਰ, ਅਮਰੀਕ ਮਲਿਕਪੁਰ, ਕੁਲਦੀਪ ਕੌਰ ਟੌਹੜਾ, ਕਰਨੈਲ ਪੀਰ ਮੁਹੰਮਦ, ਹਰਿੰਦਰਪਾਲ ਟੌਹੜਾ, ਗੁਰਪ੍ਰੀਤ ਲਖਮੀਰਵਾਲਾ, ਰਣਧੀਰ ਸਮੂਰਾਂ, ਜਗਜੀਤ ਕੋਹਲੀ, ਭੁਪਿੰਦਰ ਸ਼ੇਖੂਪੁਰ, ਜਗਦੀਪ ਨਕੱਈ, ਰਣਧੀਰ ਰੱਖੜਾ ਤੇ ਜਗਮਿੰਦਰ ਸਵਾਜਪੁਰ ਆਦਿ ਵੀ ਮੌਜੂਦ ਰਹੇ।