ਪੰਜਾਬਦੇਸ਼ਵਿਦੇਸ਼ਖੇਡਾਂਦਿੱਲੀਚੰਡੀਗੜ੍ਹਹਰਿਆਣਾਮਾਲਵਾਮਾਝਾਦੋਆਬਾਸਤਰੰਗਟਰੈਂਡਿੰਗExplainersਫ਼ੀਚਰਪਰਵਾਸੀ
Advertisement

ਪਟਿਆਲਾ ’ਚ ਭੀਖ ਮੰਗਣ ਵਾਲੇ 19 ਬੱਚੇ ਬਚਾਏ

ਟੀਮਾਂ ਵੱਲੋਂ ਛਾਪੇ; ਅਸਲ ਮਾਪਿਆਂ ਦੀ ਪਛਾਣ ਲਈ ਬੱਚਿਆਂ ਦਾ ਕਰਵਾਇਆ ਜਾਵੇਗਾ ਡੀਐਨਏ ਟੈਸਟ: ਡੀਸੀ
ਪਟਿਆਲਾ ’ਚ ਭਿਖਾਰੀਆਂ ਤੋਂ ਪੁੱਛ-ਪੜਤਾਲ ਕਰਦੀ ਹੋਈ ਟੀਮ। -ਫੋਟੋ: ਰਾਜੇਸ਼ ਸੱਚਰ
Advertisement

ਪਟਿਆਲਾ ਵਿੱਚ ਭਾਵੇਂ ਦੇਰ ਨਾਲ ਹੀ ਸਹੀ ਪਰ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀਆਂ ਹਦਾਇਤਾਂ ’ਤੇ ਪ੍ਰਸ਼ਾਸਨ ਦੀਆਂ ਟੀਮਾਂ ਨੇ ਭੀਖ ਮੰਗਦੇ ਬੱਚਿਆਂ ਦੀ ਭਾਲ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ। ਅੱਜ ਜ਼ਿਲ੍ਹਾ ਪ੍ਰਸ਼ਾਸਨ ਦੀਆਂ ਟੀਮਾਂ ਤੇ ਟਾਸਕ ਫੋਰਸ ਵੱਲੋਂ ਪਟਿਆਲਾ ਜ਼ਿਲ੍ਹੇ ਵਿੱਚੋਂ ਵੱਖ-ਵੱਖ ਥਾਵਾਂ ’ਤੇ ਭੀਖ ਮੰਗਦੇ 19 ਬੱਚੇ ਬਚਾਏ ਗਏ। ਇਸ ਦੌਰਾਨ ਡੀਸੀ ਨੇ ਦੱਸਿਆ ਕਿ ਬਾਲ ਭਿੱਖਿਆ ਦੀ ਸਮੱਸਿਆ ਦੇ ਖ਼ਾਤਮੇ ਲਈ ਜ਼ਿਲ੍ਹਾ ਪ੍ਰਸ਼ਾਸਨ ਦ੍ਰਿੜ੍ਹ ਸੰਕਲਪ ਹੈ, ਜਿਸ ਲਈ ਲਗਾਏ ਗਏ ਨੋਡਲ ਅਫ਼ਸਰਾਂ ਦੀ ਦੇਖ-ਰੇਖ ਹੇਠ ਜ਼ਿਲ੍ਹੇ ਭਰ ’ਚ ਛਾਪੇਮਾਰੀ ਕੀਤੀ ਜਾਵੇਗੀ ਤੇ ਡੀਐੱਨਏ ਟੈਸਟ ਕਰਵਾਇਆ ਜਾਵੇਗਾ। ਡਾ. ਪ੍ਰੀਤੀ ਯਾਦਵ ਨੇ ਪ੍ਰਾਜੈਕਟ ਜੀਵਨਜੋਤ 2.0 ਨੂੰ ਲਾਗੂ ਕਰਨ ਲਈ ਸਮੂਹ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸ਼ਹਿਰ ਦੇ ਵੱਖ-ਵੱਖ ਚੌਕਾਂ, ਗੁਰਦੁਆਰਾ ਦੁੂਖਨਿਵਾਰਨ ਸਾਹਿਬ ਤੇ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਸਮੇਤ ਹੋਰ ਬਾਜ਼ਾਰਾਂ ਤੇ ਸੰਭਾਵਿਤ ਥਾਵਾਂ ’ਤੇ ਵਿਸ਼ੇਸ਼ ਚੈਕਿੰਗ ਕੀਤੀ ਜਾਵੇ ਅਤੇ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਡਿਪਟੀ ਕਮਿਸ਼ਨਰ ਨੇ ਕਿਹਾ ਕਿ ਜ਼ਿਲ੍ਹੇ ਨੂੰ ਬਾਲ ਭਿੱਖਿਆ ਤੋਂ ਮੁਕਤ ਕਰਨ ਲਈ ਸਾਂਝੇ ਯਤਨਾਂ ਦੀ ਲੋੜ ਹੈ। ਇਸ ਲਈ ਲੋਕਾਂ ਨੂੰ ਵੀ ਅਪੀਲ ਹੈ ਕਿ ਉਹ ਕਿਸੇ ਵੀ ਬੱਚੇ ਨੂੰ ਭੀਖ ਨਾ ਦੇਣ ਸਗੋਂ ਜੇਕਰ ਕਿਤੇ ਅਜਿਹੇ ਬੱਚੇ ਭੀਖ ਮੰਗਦੇ ਨਜ਼ਰ ਆਉਣ ਤਾਂ ਚਾਈਲਡ ਹੈਲਪ ਲਾਈਨ 1098 ’ਤੇ ਸੂਚਨਾ ਦਿੱਤੀ ਜਾਵੇ ਤਾਂ ਕਿ ਅਜਿਹੇ ਬੱਚਿਆਂ ਨੂੰ ਤੁਰੰਤ ਸੁਰੱਖਿਆ, ਸੰਭਾਲ ਅਤੇ ਸੁਚੱਜਾ ਭਵਿੱਖ ਮੁਹੱਈਆ ਕਰਵਾਉਣ ਲਈ ਯਤਨ ਕੀਤੇ ਜਾਣ। ਡੀਸੀ ਨੇ ਦੱਸਿਆ ਕਿ ਬੱਚੇ ਤਸਕਰੀ ਦਾ ਸੌਖਾ ਨਿਸ਼ਾਨਾ ਹੁੰਦੇ ਹਨ। ਇਸ ਲਈ ਬਾਲ ਤਸਕਰੀ ਦੇ ਨੈੱਟਵਰਕ ਨੂੰ ਤੋੜਨ ਲਈ ਬਾਲ ਭਿੱਖਿਆ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਦੱਸਿਆ ਕਿ ਅਜਿਹਾ ਕਰਨਾ ਬਾਲ ਅਧਿਕਾਰਾਂ ਦੇ ਵੀ ਖ਼ਿਲਾਫ਼ ਹੈ, ਜਿਸ ਲਈ ਭੀਖ ਮੰਗਦੇ ਬੱਚਿਆਂ ਦੇ ਅਸਲ ਮਾਪਿਆਂ ਦੀ ਪਛਾਣ ਕਰਨ ਲਈ ਇਨ੍ਹਾਂ ਬੱਚਿਆਂ ਤੇ ਇਨ੍ਹਾਂ ਦੇ ਨਾਲ ਵਾਲੇ ਵਿਅਕਤੀ ਦੇ ਡੀਐੱਨਏ ਟੈਸਟ ਲਈ ਏਡੀਸੀ (ਜ) ਨੂੰ ਨੋਡਲ ਅਫ਼ਸਰ ਲਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਭੀਖ ਮੰਗਣ ਲਈ ਮਜਬੂਰ ਕਰਨ ਵਾਲੇ ਬਖ਼ਸ਼ੇ ਨਹੀਂ ਜਾਣਗੇ। ਉਨ੍ਹਾਂ ਦੱਸਿਆ ਕਿ ਬਚਾਏ ਗਏ ਬੱਚਿਆਂ ਨੂੰ ਬਾਲ ਘਰ ਤੇ ਐੱਸਓਐੱਸ ਵਿਲੇਜ ਰਾਜਪੁਰਾ ਵਿੱਚ ਰੱਖਿਆ ਜਾਵੇਗਾ। ਉਨ੍ਹਾਂ ਦੇ ਮੁੜ ਵਸੇਬੇ ਲਈ ਅਗਲੇਰੀ ਕਾਰਵਾਈ ਕੀਤੀ ਜਾਵੇਗੀ।

Advertisement
Advertisement
Show comments