ਸਿੰਗਾਪੁਰ ’ਚ ਗੁਹਾਟੀ ਲਿਆਂਦੀ ਜਾਵੇਗੀ ਜ਼ੁਬੀਨ ਦੀ ਦੇਹ
ਅਸਾਮ ਦੇ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਨੇ ਕਿਹਾ ਕਿ ਪ੍ਰਸਿੱਧ ਗਾਇਕ ਜ਼ੁਬੀਨ ਗਰਗ ਦੀ ਲਾਸ਼ ਦਾ ਪੋਸਟਮਾਰਟਮ ਸਿੰਗਾਪੁਰ ਵਿੱਚ ਪੂਰਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਗਾਇਕ ਦੀ ਮ੍ਰਿਤਕ ਦੇਹ ਉਨ੍ਹਾਂ ਲੋਕਾਂ ਨੂੰ ਸੌਂਪੀ ਜਾ ਰਹੀ ਹੈ, ਜੋ ਉੱਥੇ ਉਨ੍ਹਾਂ ਦੇ ਨਾਲ ਸਨ।
ਮੁੱਖ ਮੰਤਰੀ ਨੇ X ’ਤੇ ਪੋਸਟ ਕੀਤਾ, ‘‘ਸਾਡੇ ਪਿਆਰੇ ਜ਼ੁਬੀਨ ਗਰਗ ਦਾ ਪੋਸਟਮਾਰਟਮ ਸਿੰਗਾਪੁਰ ਵਿੱਚ ਪੂਰਾ ਹੋ ਗਿਆ ਹੈ। ਉਸ ਦੀ ਮ੍ਰਿਤਕ ਦੇਹ ਹੁਣ ਭਾਰਤੀ ਦੂਤਾਵਾਸ ਦੇ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਨਾਲ ਵਾਲੀ ਟੀਮ- ਸ਼ੇਖਰ ਜੋਤੀ ਗੋਸਵਾਮੀ, ਸੰਦੀਪਨ ਗਰਗ ਅਤੇ ਸਿਧਾਰਥ ਸ਼ਰਮਾ (ਮੈਨੇਜਰ)- ਨੂੰ ਸੌਂਪੀ ਜਾ ਰਹੀ ਹੈ।’’
ਸਿੰਗਾਪੁਰ ਵਿੱਚ ਭਾਰਤੀ ਹਾਈ ਕਮਿਸ਼ਨਰ ਸ਼ਿਲਪਕ ਅੰਬੂਲੇ ਨੇ ਸ਼ੁੱਕਰਵਾਰ ਰਾਤ ਮੁੱਖ ਮੰਤਰੀ ਨੂੰ ਸੂਚਿਤ ਕੀਤਾ ਸੀ ਕਿ ਗਰਗ ਦੀ ਮੌਤ ਟਾਪੂ ਦੇਸ਼ ਵਿੱਚ ‘ਬਿਨਾਂ ਲਾਈਫ ਜੈਕੇਟ ਦੇ ਤੈਰਨ ਕਾਰਨ’ ਹੋਈ ਸੀ।
ਹਿਮੰਤਾ ਬਿਸਵਾ ਸਰਮਾ ਨੇ ਕਿਹਾ ਸੀ ਕਿ ਗਰਗ 17 ਹੋਰ ਜਣਿਆਂ ਨਾਲ ਯਾਟ ਯਾਤਰਾ ’ਤੇ ਗਿਆ ਸੀ ਅਤੇ ‘ਬਿਨਾਂ ਲਾਈਫ ਜੈਕੇਟ ਦੇ ਸਮੁੰਦਰ ’ਚ ਤੈਰਨ ਦੌਰਾਨ’ ਉਸ ਦੀ ਮੌਤ ਹੋ ਗਈ। ਪਹਿਲਾਂ ਇਹ ਜਾਣਕਾਰੀ ਮਿਲੀ ਸੀ ਗਾਇਕ ਦੀ ਸਿੰਗਾਪੁਰ ਵਿੱਚ ਸਕੂਬਾ ਡਾਈਵਿੰਗ ਸੈਸ਼ਨ ਦੌਰਾਨ ਵਾਪਰੇ ਹਾਦਸੇ ’ਚ ਮੌਤ ਹੋ ਗਈ ਸੀ।
ਅਸਾਮ ਦੇ ਮੁੱਖ ਮੰਤਰੀ ਨੇ ਅੱਜ ਆਪਣੇ X ਅਕਾਊਂਟ ’ਤੇ ਕਿਹਾ, ‘‘ਜ਼ੁਬੀਨ ਗਰਗ ਨੇ ਸ਼ੁਰੂ ਵਿੱਚ ਲਾਈਫ ਜੈਕੇਟ ਪਹਿਨੀ ਸੀ ਪਰ ਕੁਝ ਸਕਿੰਟਾਂ ਬਾਅਦ ਉਸ ਨੇ ਇਹ ਦਾਅਵਾ ਕਰਦਿਆਂ ਇਸ ਨੂੰ ਉਤਾਰ ਦਿੱਤਾ ਕਿ ਇਹ ਬਹੁਤ ਵੱਡਾ ਹੈ ਅਤੇ ਉਸ ਨੂੰ ਤੈਰਨ ’ਚ ਮੁਸ਼ਕਲ ਹੋ ਰਹੀ ਹੈ।’’
ਮੁੱਖ ਮੰਤਰੀ ਨੇ ਕਿਹਾ, ‘‘ਹਾਈ ਕਮਿਸ਼ਨਰ ਨੇ ਮੈਨੂੰ ਜ਼ੁਬੀਨ ਦੇ ਨਾਲ ਆਏ ਲੋਕਾਂ ਦੀ ਇੱਕ ਸੂਚੀ ਭੇਜੀ ਹੈ, ਅਤੇ ਇਸ ਵਿੱਚ 11 ਜਣੇ ਸ਼ਾਮਲ ਹਨ, ਜਿਨ੍ਹਾਂ ਵਿੱਚ ਇੱਕ ਅਭਿਮਨਿਊ ਤਾਲੁਕਦਾਰ ਵੀ ਸ਼ਾਮਲ ਹੈ, ਜਿਸ ਨੇ ਅਸਾਮੀ ਭਾਈਚਾਰੇ ਤੋਂ ਯਾਟ ਬੁੱਕ ਕੀਤੀ ਸੀ।
ਇਸ ਤੋਂ ਪਹਿਲਾਂ ਮੁੱਖ ਮੰਤਰੀ ਹਿਮੰਤਾ ਬਿਸਵਾ ਸਰਮਾ ਆਪਣੀ ਪਤਨੀ ਰਿੰਕੀ ਭੂਯਾਨ ਸਰਮਾ ਨਾਲ ਗੁਹਾਟੀ ਵਿੱਚ ਮਰਹੂਮ ਗਾਇਕ ਦੇ ਘਰ ਗਏ ਅਤੇ ਪਰਿਵਾਰ ਨਾਲ ਹਮਦਰਦੀ ਪ੍ਰਗਟ ਕੀਤੀ।
ਆਪਣੀਆਂ ਭਾਵਨਾਵਾਂ ਸਾਂਝੀਆਂ ਕਰਦਿਆਂ ਉਨ੍ਹਾਂ ਪੋਸਟ ਵਿੱਚ ਕਿਹਾ, ‘‘ਰਿੰਕੀ ਅਤੇ ਮੈਂ ਇਸ ਦੁੱਖ ਦੀ ਘੜੀ ਵਿੱਚ ਉਸ ਦੇ ਪਰਿਵਾਰ ਨਾਲ ਏਕਤਾ ਵਿੱਚ ਖੜ੍ਹੇ ਹੋਣ ਲਈ ਗੁਹਾਟੀ ਵਿੱਚ ਸਾਡੇ ਪਿਆਰੇ ਜ਼ੁਬੀਨ ਦੇ ਘਰ ਗਏ। ਹਜ਼ਾਰਾਂ ਪ੍ਰਸ਼ੰਸਕ ਉਸ ਦੀ ਆਖਰੀ ਝਲਕ ਦੇਖਣ ਲਈ ਸੜਕਾਂ ’ਤੇ ਉਡੀਕ ਕਰ ਰਹੇ ਹਨ - ਅਸੀਂ ਉਸ ਨੂੰ ਜਲਦੀ ਹੀ ਆਸਾਮ ਵਾਪਸ ਲਿਆਉਣ ਲਈ ਲਗਾਤਾਰ ਸੰਪਰਕ ਵਿੱਚ ਹਾਂ।’’
ਇਸ ਦੌਰਾਨ ਗੁਹਾਟੀ ਅਤੇ ਜੋਰਹਾਟ ਸਮੇਤ ਅਸਾਮ ਭਰ ਦੇ ਪ੍ਰਸ਼ੰਸਕ ਪਿਆਰੇ ਗਾਇਕ ਨੂੰ ਭਾਵੁਕ ਸ਼ਰਧਾਂਜਲੀ ਦਿੰਦੇ ਦੇਖੇ ਗਏ।
ਇਸ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਮਰਹੂਮ ਗਾਇਕ ਜ਼ੁਬੀਨ ਗਰਗ ਪ੍ਰਤੀ ਆਪਣੀ ਸੰਵੇਦਨਾ ਪ੍ਰਗਟ ਕੀਤੀ ਸੀ।