ਜ਼ੂਬਿਨ ਗਰਗ ਦਾ ਨੇੜਲਾ ਸਹਿਯੋਗੀ ਸੀਆਈਡੀ ਅੱਗੇ ਪੇਸ਼
ਮਰਹੂਮ ਗਾਇਕ ਲਈ ਇਨਸਾਫ਼ ਵਿੱਚ ਹੋ ਰਹੀ ਦੇਰੀ ’ਤੇ ਸਵਾਲ ਉਠਾਏ
Advertisement
ਅਸਾਮ ਦੇ ਮਰਹੂਮ ਗਾਇਕ ਜ਼ੂਬਿਨ ਗਰਗ ਦਾ ਨੇੜਲਾ ਸਹਿਯੋਗੀ ਅਰੁਣ ਅੱਜ ਸੀ ਆਈ ਡੀ ਦੀ ਵਿਸ਼ੇਸ਼ ਜਾਂਚ ਟੀਮ (ਸਿਟ) ਅੱਗੇ ਪੇਸ਼ ਹੋਇਆ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜ਼ੂਬਿਨ ਦੀ ਪਿਛਲੇ ਮਹੀਨੇ ਸਿੰਗਾਪੁਰ ਵਿੱਚ ਪਾਣੀ ਵਿੱਚ ਤੈਰਦੀ ਲਾਸ਼ ਮਿਲੀ ਸੀ। ਸਿਟ ਉਸ ਦੀ ਮੌਤ ਦੀ ਜਾਂਚ ਕਰ ਰਹੀ ਹੈ। ਹਾਲਾਂਕਿ, ਉਨ੍ਹਾਂ ਨੇ ਇੱਥੇ ਸੀਆਈਡੀ ਦਫ਼ਤਰ ਵਿੱਚ ਅਰੁਣ ਦੇ ਆਉਣ ਸਬੰਧੀ ਵੇਰਵਾ ਨਹੀਂ ਦਿੱਤਾ। ਅਰੁਣ, ਜਿਸ ਨੂੰ ਜ਼ੂਬਿਨ ਆਪਣੇ ਪਰਿਵਾਰ ਦਾ ਹਿੱਸਾ ਮੰਨਦਾ ਸੀ ਅਤੇ ਉਹ ਉਸ ਦੀ ਚਿਤਾ ਨੂੰ ਅਗਨੀ ਦੇਣ ਵਾਲੇ ਚਾਰ ਜਣਿਆਂ ਵਿੱਚ ਸ਼ਾਮਲ ਸੀ, ਨੇ ਬਾਅਦ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਰਹੂਮ ਗਾਇਕ ਲਈ ਛੇਤੀ ਇਨਸਾਫ਼ ਦੀ ਮੰਗ ਕੀਤੀ। ਅਰੁਣ ਕਈ ਸਾਲਾਂ ਤੋਂ ਜ਼ੂਬਿਨ ਦੇ ਪਰਿਵਾਰ ਨਾਲ ਸੀ ਅਤੇ ਉਸ ਨੇ ਆਪਣਾ ਪਰਿਵਾਰਕ ਉਪਨਾਮ ਵੀ ਤਿਆਗ ਦਿੱਤਾ ਸੀ ਅਤੇ ਖੁਦ ਦੀ ‘ਅਰੁਣ ਗਰਗ’ ਵਜੋਂ ਜਾਣ-ਪਛਾਣ ਕਰਵਾਉਂਦਾ ਸੀ।ਅਰੁਣ ਨੇ ਕਿਹਾ, ‘‘ਅਸੀਂ ਦਾਦਾ (ਵੱਡੇ ਭਰਾ) ਲਈ ਨਿਆਂ ਚਾਹੁੰਦੇ ਹਾਂ। ਇਸ ਵਿੱਚ ਬਹੁਤ ਦੇਰ ਹੋ ਚੁੱਕੀ ਹੈ।’’ ਗਰਗ ਦੇ ਹੋਰ ਨੇੜਲੇ ਸਹਿਯੋਗੀਆਂ ਵੱਲੋਂ ਕੀਤੀਆਂ ਕਥਿਤ ਵਿੱਤੀ ਤੇ ਹੋਰ ਬੇਨੇਮੀਆਂ ਬਾਰੇ ਪੁੱਛਣ ’ਤੇ ਅਰੁਣ ਨੇ ਕਿਹਾ, ‘‘ਮੈਨੂੰ ਇਨ੍ਹਾਂ ਸਾਰੀਆਂ ਚੀਜ਼ਾਂ ਬਾਰੇ ਪਤਾ ਨਹੀਂ ਹੈ। ਮੈਂ ਜ਼ਿਆਦਾਤਰ ‘ਬਾਊ’ (ਭਰਜਾਈ, ਗਰਗ ਦੀ ਪਤਨੀ ਗਰਿਮਾ ਦਾ ਜ਼ਿਕਰ ਕਰਦਿਆਂ) ਨਾਲ ਕੰਮ ਕਰਦਾ ਹਾਂ।’’ ਉਸ ਨੇ ਸਵਾਲ ਕੀਤਾ, ‘‘ਮੈਨੂੰ ਸਿਰਫ਼ ਇਹੀ ਪਤਾ ਹੈ ਕਿ ਸਾਨੂੰ ਨਿਆਂ ਚਾਹੀਦਾ ਹੈ। ਇਸ ਵਿੱਚ ਇੰਨਾ ਸਮਾਂ ਕਿਉਂ ਲੱਗ ਰਿਹਾ ਹੈ?’’
ਦੋ ਵਾਰ ਸੰਮਨ ਭੇਜੇ ਜਾਣ ਦੇ ਬਾਵਜੂਦ ਸਿੰਗਾਪੁਰ ਰਹਿੰਦੇ ਅਸਾਮ ਦੇ ਲੋਕਾਂ ਵੱਲੋਂ ਸੀਆਈਡੀ ਅੱਗੇ ਪੇਸ਼ ਨਾ ਹੋਣ ਬਾਰੇ ਅਰੁਣ ਨੇ ਕਿਹਾ, ‘‘ਜੋ ਲੋਕ ਸਿੰਗਾਪੁਰ ਵਿੱਚ ਹਨ, ਉਨ੍ਹਾਂ ਨੂੰ ਇੱਥੇ ਲਿਆਂਦਾ ਜਾਣਾ ਚਾਹੀਦਾ ਹੈ, ਉਨ੍ਹਾਂ ਨੂੰ ਇੱਥੇ ਘੜੀਸ ਕੇ ਲਿਆਉਣਾ ਚਾਹੀਦਾ ਹੈ। ਮੈਨੂੰ ਸਮਝ ਨਹੀਂ ਆ ਰਹੀ ਕਿ ਉਹ ਕਿਉਂ ਨਹੀਂ ਆ ਰਹੇ।’’
Advertisement
Advertisement