Zubeen Garg Case: ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ
ਮਾਮਲੇ ਦੀ ਜਾਂਚ ਸੀ ਬੀ ਆੲੀ ਜਾਂ ਐੱਨ ਆੲੀ ਏ ਤੋਂ ਕਰਾੳੁਣ ਦੀ ਮੰਗ
Advertisement
ਪੂਰਬ-ਉੱਤਰ ਭਾਰਤ ਮਹਾਉਤਸਵ ਦੇ ਮੁੱਖ ਪ੍ਰਬੰਧਕ ਸ਼ਿਆਮਕਾਨੂ ਮਹੰਤ ਨੇ ਸੁਪਰੀਮ ਕੋਰਟ ’ਚ ਪਟੀਸ਼ਨ ਦਾਇਰ ਕਰਕੇ ਅਸਾਮ ਦੇ ਗਾਇਕ ਜ਼ੂਬਿਨ ਗਰਗ ਦੀ ਮੌਤ ਦੇ ਮਾਮਲੇ ਦੀ ਜਾਂਚ ਸੂਬੇ ਦੀ ਪੁਲੀਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਤੋਂ ਲੈ ਕੇ ਸੀ ਬੀ ਆਈ ਜਾਂ ਐੱਨ ਆਈ ਏ ਜਿਹੀ ਕਿਸੇ ਕੇਂਦਰੀ ਏਜੰਸੀ ਨੂੰ ਸੌਂਪਣ ਦੀ ਮੰਗ ਕੀਤੀ ਹੈ। ਅਸਾਮ ਦੇ ਮਸ਼ਹੂਰ ਗਾਇਕਾਂ ’ਚੋਂ ਇੱਕ ਗਰਗ ਦੀ ਮਹਾਉਤਸਵ ’ਚ ਪੇਸ਼ਕਾਰੀ ਤੋਂ ਇੱਕ ਦਿਨ ਪਹਿਲਾਂ 19 ਸਤੰਬਰ ਨੂੰ ਸਿੰਗਾਪੁਰ ’ਚ ਮੌਤ ਹੋ ਗਈ ਸੀ। ਖ਼ਬਰਾਂ ਅਨੁਸਾਰ 52 ਸਾਲਾ ਗਾਇਕ ਦੀ ਮੌਤ ਦੇ ਸਬੰਧ ਵਿੱਚ ਉਨ੍ਹਾਂ ਦੇ ਮੈਨੇਜਰ ਸਿੱਧਾਰਥ ਸ਼ਰਮਾ ਤੇ ਸ਼ਿਆਮਕਾਨੂ ਮਹੰਤ ਨੂੰ ਲੰਘੇ ਬੁੱਧਵਾਰ ਦਿੱਲੀ ਤੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਪੁਲੀਸ ਨੇ ਸ਼ਰਮਾ ਤੇ ਮਹੰਤ ਖ਼ਿਲਾਫ਼ ਹੱਤਿਆ ਦਾ ਕੇਸ ਦਰਜ ਕੀਤਾ ਹੈ। ਪਟੀਸ਼ਨ ਅਨੁਸਾਰ ਸਿੰਗਾਪੁਰ ਅਥਾਰਿਟੀ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ ਪਰ ਉਨ੍ਹਾਂ ਨੂੰ ਮਹੰਤ ਵੱਲੋਂ ਕਿਸੇ ਵੀ ਤਰ੍ਹਾਂ ਦੀ ਗੜਬੜੀ ਕੀਤੇ ਜਾਣ ਜਾਂ ਕੋਈ ਸਾਜ਼ਿਸ਼ ਰਚੇ ਜਾਣ ਦਾ ਸਬੂਤ ਨਹੀਂ ਮਿਲਿਆ ਹੈ। ਮਹੰਤ ਨੇ ਐਡਵੋਕੇਟ ਰਾਜ ਕਮਲ ਰਾਹੀਂ 30 ਸਤੰਬਰ ਨੂੰ ਦਾਇਰ ਆਪਣੀ ਪਟੀਸ਼ਨ ’ਚ ਕੇਂਦਰ, ਅਸਾਮ ਸਰਕਾਰ, ਅਸਾਮ ਦੇ ਡੀ ਜੀ ਪੀ, ਸੀ ਬੀ ਆਈ ਅਤੇ ਐੱਨ ਆਈ ਏ ਨੂੰ ਧਿਰ ਬਣਾਇਆ ਹੈ। ਪਟੀਸ਼ਨ ’ਚ ਦੋਸ਼ ਲਾਇਆ ਗਿਆ ਹੈ ਕਿ ਅਸਾਮ ਦੇ ਮੁੱਖ ਸੂਚਨਾ ਕਮਿਸ਼ਨਰ ਭਾਸਕਰ ਜਯੋਤੀ ਮਹੰਤ ਦੇ ਭਰਾ ਸ਼ਿਆਮਕਾਨੂ ਮਹੰਤ ਨੂੰ ਗਰਗ ਦੀ ਅਚਾਨਕ ਹੋਈ ਮੌਤ ਦੇ ਸਬੰਧ ’ਚ ਮੀਡੀਆ ਵੱਲੋਂ ‘ਬਲੀ ਦਾ ਬਕਰਾ’ ਬਣਾਇਆ ਗਿਆ ਹੈ। ਮਹੰਤ ਨੇ ਦਲੀਲ ਦਿੱਤੀ ਕਿ ਸਰਕਾਰੀ ਤੰਤਰ ਤੇ ਮੀਡੀਆ ਨੇ ਉਨ੍ਹਾਂ ਨੂੰ ਬਦਨਾਮ ਕੀਤਾ ਹੈ। ਪਟੀਸ਼ਨ ’ਚ ਕਿਹਾ ਗਿਆ ਹੈ ਕਿ ਉਹ 19 ਤੋਂ 21 ਸਤੰਬਰ ਤੱਕ ਸਿੰਗਾਪੁਰ ’ਚ ਹੋਣ ਵਾਲੇ ਤਿੰਨ ਰੋਜ਼ਾ ਸਮਾਗਮ ’ਚ ਰੁੱਝੇ ਹੋਏ ਸਨ ਅਤੇ ਗਰਗ ਦੀ ਮੌਤ ਦੇ ਸਮੇਂ ਉਹ ਘਟਨਾ ਸਥਾਨ ’ਤੇ ਮੌਜੂਦ ਨਹੀਂ ਸਨ। ਪਟੀਸ਼ਨ ’ਚ ਜਾਂਚ ਅਸਾਮ ਸਿੱਟ ਤੋਂ ਜਾਂਚ ਲੈ ਕੇ ਸੀ ਬੀ ਆਈ ਜਾਂ ਐੱਨ ਆਈ ਏ ਨੂੰ ਸੌਂਪੇ ਜਾਣ ਅਤੇ ਇਸ ਦੀ ਨਿਗਰਾਨੀ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਵੱਲੋਂ ਕਰਵਾਏ ਜਾਣ ਦੀ ਮੰਗ ਕੀਤੀ ਗਈ ਹੈ।
Advertisement
Advertisement