ਪੁਲੀਸ ਚੌਕੀ ’ਚ ਨੌਜਵਾਨ ਨੇ ਚੂਹੇ ਮਾਰਨ ਵਾਲੀ ਦਵਾਈ ਨਿਗਲੀ
ਬਦਾਊਂ ਜ਼ਿਲ੍ਹੇ ਦੇ ਫ਼ੈਜਗੰਜ ਬੇਹਟਾ ਖੇਤਰ ਵਿੱਚ ਹਿਰਾਸਤ ’ਚ ਲਏ ਗਏ ਇੱਕ ਵਿਅਕਤੀ ਨੇ ਪੁਲੀਸ ਚੌਕੀ ਅੰਦਰ ਕਥਿਤ ਤੌਰ ’ਤੇ ਚੂਹੇ ਮਾਰਨ ਵਾਲੀ ਦਵਾਈ ਨਿਗਲ ਲਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਪੁਲੀਸ ਅਨੁਸਾਰ ਮ੍ਰਿਤਕ ਦੀ ਪਛਾਣ ਜਗਤਵੀਰ ਵਜੋਂ ਹੋਈ ਹੈ।
ਜਗਤਵੀਰ ਦੇ ਪਰਿਵਾਰ ਨੇ ਅੱਜ ਇੱਥੇ ਦੋਸ਼ ਲਾਇਆ ਹੈ ਕਿ ਨੌਜਵਾਨ ਨੇ ਪੁਲੀਸ ਚੌਕੀ ’ਚ ਤਸ਼ੱਦਦ ਤੋਂ ਤੰਗ ਆ ਕੇ ਸ਼ਨਿੱਚਰਵਾਰ ਰਾਤ ਵੇਲੇ ਜ਼ਹਿਰ ਨਿਗਲ ਲਿਆ। ਉਨ੍ਹਾਂ ਹਿਰਾਸਤ ਵਿੱਚ ਲੈਣ ਵਾਲੇ ਸਿਪਾਹੀ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ।
ਹਾਲਾਂਕਿ ਪੁਲੀਸ ਨੇ ਚੌਕੀ ਵਿੱਚ ਨੌਜਵਾਨ ਵੱਲੋਂ ਜ਼ਹਿਰ ਨਿਗਲਣ ਦੀ ਘਟਨਾ ਨੂੰ ਸਿਰੇ ਤੋਂ ਨਕਾਰ ਦਿੱਤਾ ਹੈ।
ਜਗਤਵੀਰ (42) ਦੀ ਪਤਨੀ ਸੁਸ਼ੀਲਾ ਦੇਵੀ ਨੇ ਅੱਜ ਇੱਥੇ ਦੱਸਿਆ ਕਿ ਫ਼ੈਜ਼ਗੰਜ ਬੇਹਟਾ ਦੇ ਆਸਫਪੁਰ ਕਸਬੇ ਦੇ ਵਾਸੀ ਜਗਤਵੀਰ ਦੀ ਸ਼ਨਿੱਚਰਵਾਰ ਨੂੰ ਆਪਣੇ ਚਚੇਰੇ ਭਰਾਵਾਂ ਨਾਲ ਹਾਸੇ-ਮਜ਼ਾਕ ਦੌਰਾਨ ਝਗੜਾ ਹੋ ਗਿਆ ਸੀ ਅਤੇ ਇਸ ਦੀ ਸ਼ਿਕਾਇਤ ’ਤੇ ਪੁਲੀਸ ਮੌਕੇ ’ਤੇ ਪਹੁੰਚ ਗਈ ਸੀ। ਉਸ ਨੇ ਦੱਸਿਆ ਕਿ ਹਾਲਾਂਕਿ ਗੁਆਂਢੀਆਂ ਨੇ ਆਪਣੀ ਸਮਝੌਤਾ ਕਰਨ ਦੀ ਗੱਲ ਕਹੀ ਪਰ ਪੁਲੀਸ ਚੌਕੀ ’ਚ ਤਾਇਨਾਤ ਸਿਪਾਹੀ ਅਭਿਸ਼ੇਕ ਕੁਮਾਰ ਜਗਤਵੀਰ ਨੂੰ ਫੜ ਕੇ ਚੌਕੀ ਲੈ ਗਿਆ
ਸੁਸ਼ੀਲਾ ਨੇ ਦੋਸ਼ ਲਾਇਆ ਕਿ ਚੌਕੀ ਵਿੱਚ ਤਸ਼ੱਦਦ ਤੋਂ ਪ੍ਰੇਸ਼ਾਨ ਹੋ ਕੇ ਉਸ ਦੇ ਪਤੀ ਨੇ ਚੂਹੇ ਮਾਰਨ ਵਾਲੀ ਦਵਾਈ ਨਿਗਲ ਗਈ ਅਤੇ ਉਸ ਦੀ ਤਬੀਅਤ ਵਿਗੜਨ ’ਤੇ ਪੁਲੀਸ ਨੇ ਮਾਮਲੇ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਅਤੇ ਪਰਿਵਾਰ ਨੂੰ ਝਾਂਸੇ ’ਚ ਲੈ ਕੇ ਜਗਤਵੀਰ ਨੂੰ ਆਸਫ਼ਪੁਰ ਮੁੱਢਲੀ ਸਿਹਤ ਕੇਂਦਰ ਭੇਜ ਦਿੱਤਾ, ਜਿੱਥੋਂ ਉਸ ਨੂੰ ਜ਼ਿਲ੍ਹਾ ਹਸਪਤਾਲ ਰੈਫਰ ਕਰ ਦਿੱਤਾ ਗਿਆ। ਉਸ ਅਨੁਸਾਰ ਗੰਭੀਰ ਹਾਲਤ ਨੂੰ ਦੇਖਦਿਆਂ ਜਗਤਵੀਰ ਨੂੰ ਮੈਡੀਕਲ ਕਾਲਜ ਰੈਫਰ ਕੀਤਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਪੁਲੀਸ ਨੇ ਦੋਸ਼ ਨਕਾਰੇ
ਪੁਲੀਸ ਅਧਿਕਾਰੀ ਕੇਕੇ ਸਰੋਜ ਨੇ ਜਗਤਵੀਰ ਦੇ ਪੁਲੀਸ ਚੌਕੀ ’ਚ ਚੂਹੇ ਮਾਰਨ ਵਾਲੀ ਦਵਾਈ ਨਿਗਲਨ ਦੇ ਦੋਸ਼ਾਂ ਨੂੰ ਗ਼ਲਤ ਦੱਸਿਆ। ਉਨ੍ਹਾਂ ਕਿਹਾ ਕਿ ਦੋ ਭਰਾਵਾਂ ਦੇ ਝਗੜੇ ਦੀ ਖ਼ਬਰ ਮਿਲਣ ’ਤੇ ਪੁਲੀਸ ਮੌਕੇ ’ਤੇ ਪਹੁੰਚੀ ਸੀ, ਜਿਸ ਮਗਰੋਂ ਜਗਤਵੀਰ ਆਪਣੀ ਪਤਨੀ ਨਾਲ ਪੁਲੀਸ ਚੌਕੀ ਆਇਆ ਅਤੇ ਉਥੇ ਬੇਹੋਸ਼ ਹੋ ਗਿਆ।
ਉਨ੍ਹਾਂ ਦੱਸਿਆ ਕਿ ਪੁਲੀਸ ਨੇ ਜਗਤਵੀਰ ਨੂੰ ਹਸਪਤਾਲ ਭੇਜਿਆ ਸੀ ਪਰ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਪੁਲੀਸ ਅਧਿਕਾਰੀ ਨੇ ਕਿਹਾ ਕਿ ਪਰਿਵਾਰ ਵੱਲੋਂ ਲਾਏ ਗਏ ਦੋਸ਼ਾਂ ਦੀ ਜਾਂਚ ਕਰਵਾਈ ਜਾ ਰਹੀ ਹੈ ਅਤੇ ਪੋਸਟਮਾਰਟਮ ਰਿਪੋਰਟ ਦੇ ਆਧਾਰ ’ਤੇ ਕਾਰਵਾਈ ਕੀਤੀ ਜਾਵੇਗੀ।
ਹਾਲਾਂਕਿ ਜਗਤਵੀਰ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਪੁਲੀਸ ਮਾਮਲੇ ਦੀ ਜਾਂਚ ਕਰਵਾਉਣ ਦੀ ਥਾਂ ਉਸ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਪੁਲੀਸ ਨੇ ਜਗਤਵੀਰ ਨਾਲ ਕੁੱਟਮਾਰ ਕਰਨ ਵਾਲਿਆਂ ਨੂੰ ਅਜੇ ਤੱਕ ਗ੍ਰਿਫ਼ਤਾਰ ਨਹੀਂ ਕੀਤਾ ਹੈ। -ਪੀਟੀਆਈ