ਪੰਜਾਬ ਦੀ ਮੁਟਿਆਰ ਨੂੰ ਓ ਟੀ ਏ ’ਚ ਸੋਨ ਤਗਮਾ
ਪੰਜਾਬ ਦੇ ਹੁਸ਼ਿਆਰਪੁਰ ਦੇ ਜਨੌਰੀ ਪਿੰਡ ਨਾਲ ਸਬੰਧਤ ਲੈਫਟੀਨੈਂਟ ਪਾਰੁਲ ਡਡਵਾਲ ਨੇ ਅੱਜ ਭਾਰਤੀ ਥਲ ਸੈਨਾ ’ਚ ਕਮਿਸ਼ਨ ਹਾਸਲ ਕਰ ਲਿਆ ਹੈ ਤੇ ਉਹ ਹਥਿਆਰਬੰਦ ਬਲਾਂ ’ਚ ਸ਼ਾਮਲ ਹੋਣ ਵਾਲੀ ਆਪਣੇ ਪਰਿਵਾਰ ਦੀ ਪੰਜਵੀਂ ਪੀੜ੍ਹੀ ਬਣ ਗਈ ਹੈ। ਉਸ ਲਈ ਇਹ ਦੋਹਰੀ ਪ੍ਰਾਪਤੀ ਵੀ ਰਹੀ। ਲੈਫਟੀਨੈਂਟ ਡਡਵਾਲਨੂੰ ਅੱਜ ਚੇਨੱਈ ਸਥਿਤ ਆਫੀਸਰਜ਼ ਟਰੇਨਿੰਗ ਅਕੈਡਮੀ (ਓ ਟੀ ਏ) ਤੋਂ ਪਾਸ ਆਊਟ ਹੋਣ ਮਗਰੋਂ ‘ਯੋਗਤਾ ਕ੍ਰਮ ’ਚ ਅੱਵਲ’ ਸਥਾਨ ਹਾਸਲ ਕਰਨ ਲਈ ਰਾਸ਼ਟਰਪਤੀ ਸੋਨ ਤਗ਼ਮੇ ਨਾਲ ਸਨਮਾਨਿਤ ਕੀਤਾ ਗਿਆ। ਉਸ ਨੂੰ ਭਾਰਤੀ ਥਲ ਸੈਨਾ ਦੀ ਆਰਡੀਨੈਂਸ ਕੋਰ ’ਚ ਕਮਿਸ਼ਨ ਮਿਲਿਆ ਹੈ। ਡਡਵਾਲ ਪਰਿਵਾਰ ਦੀ ਫੌਜ ’ਚ ਸੇਵਾ ਲੈਫਟੀਨੈਂਟ ਪਾਰੁਲ ਡਡਵਾਲਦੇ ਨੱਕੜਦਾਦਾ ਸੂਬੇਦਾਰ ਹਰਨਾਮ ਸਿੰਘ ‘74 ਪੰਜਾਬੀਜ਼’ ਤੋਂ ਸ਼ੁਰੂ ਹੁੰਦੀ ਹੈ। ਉਨ੍ਹਾਂ ਜਨਵਰੀ 1896 ਤੋਂ ਜੁਲਾਈ 1924 ਤੱਕ ਸੈਨਾ ’ਚ ਸੇਵਾ ਨਿਭਾਈ। ਉਸ ਦੇ ਪੜਦਾਦਾ ਮੇਜਰ ਐੱਲ ਐੱਸ ਡਡਵਾਲ ਜਾਟ ਰੈਜੀਮੈਂਟ ਦੀ ਤੀਜੀ ਬਟਾਲੀਅਨ ਦਾ ਹਿੱਸਾ ਸਨ। ਪਰਿਵਾਰ ਦੀ ਤੀਜੀ ਪੀੜ੍ਹੀ ਜੰਮੂ ਕਸ਼ਮੀਰ ਰਾਈਫਲਜ਼ ਦੀ 7ਵੀਂ ਬਟਾਲੀਅਨ ਦੇ ਕਰਨਲ ਦਲਜੀਤ ਸਿੰਘ ਡਡਵਾਲ ਤੇ ਕੁਮਾਊਂ ਰੈਜੀਮੈਂਟ ਦੀ ਤੀਜੀ ਬਟਾਲੀਅਨ ਦੇ ਬ੍ਰਿਗੇਡੀਅਰ ਜਗਤ ਜਾਮਵਾਲ ਸਨ। ਦੋਵੇਂ ਲੈਫਟੀਨੈਂਟ ਪਾਰੁਲ ਡਡਵਾਲ ਦੇ ਦਾਦਾ ਹਨ। ਮਹਿਲਾ ਅਫਸਰ ਦੇ ਪਿਤਾ ਮੇਜਰਲ ਜਨਰਲ ਕੇ ਐੱਸ ਡਡਵਾਲ ਜੋ ਹਾਲੇ ਵੀ ਫੌਜ ’ਚ ਹਨ, ਚੌਥੀ ਪੀੜ੍ਹੀ ਤੋਂ ਹਨ ਤੇ ਸਿੱਖ ਰੈਜੀਮੈਂਟ ਦੀ 20ਵੀਂ ਬਟਾਲੀਅਨ ’ਚ ਸੇਵਾ ਨਿਭਾਅ ਰਹੇ ਹਨ। ਲੈਫਟੀਨੈਂਟ ਪਾਰੁਲ ਡਡਵਾਲ ਦਾ ਭਰਾ ਕੈਪਟਨ ਧਨੰਜੈ ਡਡਵਾਲਵੀ ਸੈਨਾ ’ਚ ਸੇਵਾ ਨਿਭਾਅ ਰਿਹਾ ਹੈ।