ਲੇਖਿਕਾ ਬਾਨੂ ਮੁਸ਼ਤਾਕ ਵੱਲੋਂ ਮੈਸੂਰ ਦੇ ਵਿਸ਼ਵ ਪ੍ਰਸਿੱਧ ਦੁਸਹਿਰਾ ਉਤਸਵ ਦਾ ਉਦਘਾਟਨ
ਕੋਮਾਂਤਰੀ ਬੁਕਰ ਪੁਰਸਕਾਰ ਜੇਤੂ ਅਤੇ ਲੇਖਿਕਾ ਬਾਨੂ ਮੁਸ਼ਤਾਕ ਨੇ ਸੋਮਵਾਰ ਨੂੰ ਮੈਸੂਰ ਦੇ ਵਿਸ਼ਵ ਪ੍ਰਸਿੱਧ ਦੁਸਹਿਰਾ ਉਤਸਵ ਦਾ ਉਦਘਾਟਨ ਕੀਤਾ, ਜਿਸ ਨਾਲ ਇੱਥੇ ਦੁਸਹਿਰਾ ਉਤਸਵ ਧਾਰਮਿਕ ਅਤੇ ਰਵਾਇਤੀ ਉਤਸ਼ਾਹ ਨਾਲ ਸ਼ੁਰੂ ਹੋ ਗਿਆ।
ਊਨ੍ਹਾਂ ਵੈਦਿਕ ਮੰਤਰਾਂ ਦੇ ਜਾਪ ਵਿਚਕਾਰ ਮੈਸੂਰ ਅਤੇ ਉੱਥੋਂ ਦੇ ਸ਼ਾਹੀ ਪਰਿਵਾਰਾਂ ਦੀ ਦੇਵੀ ਚਾਮੁੰਡੇਸ਼ਵਰੀ ਦੀ ਮੂਰਤੀ 'ਤੇ ਫੁੱਲਾਂ ਦੀ ਵਰਖਾ ਕਰਕੇ ਉਤਸਵ ਦਾ ਉਦਘਾਟਨ ਕੀਤਾ।
'ਨਾਡਾ ਹੱਬਾ' (ਰਾਜ ਉਤਸਵ) ਵਜੋਂ ਮਨਾਇਆ ਜਾਣ ਵਾਲਾ 11 ਦਿਨਾਂ ਦਾ ਦੁਸਹਿਰਾ ਜਾਂ 'ਸ਼ਰਨ ਨਵਰਾਤਰੀ' ਉਤਸਵ ਇਸ ਸਾਲ ਬਹੁਤ ਹੀ ਸ਼ਾਨਦਾਰ ਤਰੀਕੇ ਨਾਲ ਮਨਾਇਆ ਜਾਵੇਗਾ, ਜਿਸ ਵਿੱਚ ਕਰਨਾਟਕ ਦੀ ਅਮੀਰ ਵਿਰਾਸਤ ਅਤੇ ਪਰੰਪਰਾਵਾਂ ਦੇ ਨਾਲ-ਨਾਲ ਸ਼ਾਹੀ ਠਾਠ-ਬਾਠ ਅਤੇ ਸ਼ਾਨ ਦੀ ਝਲਕ ਵੀ ਦਿਖਾਈ ਦੇਵੇਗੀ।
ਉਦਘਾਟਨੀ ਸਮਾਰੋਹ ਵਿੱਚ ਮੁਸ਼ਤਾਕ ਦੇ ਨਾਲ ਮੁੱਖ ਮੰਤਰੀ ਸਿੱਧਰਮਈਆ, ਰਾਜ ਮੰਤਰੀ ਮੰਡਲ ਦੇ ਕਈ ਮੰਤਰੀ ਅਤੇ ਹੋਰ ਲੋਕ ਵੀ ਮੌਜੂਦ ਸਨ। ਇਸ ਤੋਂ ਪਹਿਲਾਂ ਮੁਸ਼ਤਾਕ, ਮੁੱਖ ਮੰਤਰੀ ਅਤੇ ਹੋਰ ਮਾਨਯੋਗ ਵਿਅਕਤੀਆਂ ਦੇ ਨਾਲ ਚਾਮੁੰਡੇਸ਼ਵਰੀ ਮੰਦਰ ਪਹੁੰਚੇ ਅਤੇ ਉਦਘਾਟਨ ਤੋਂ ਪਹਿਲਾਂ ਦੇਵੀ ਦੀ ਪੂਜਾ ਕੀਤੀ, ਜਿਨ੍ਹਾਂ ਨੂੰ "ਨਾਡਾ ਦੇਵਤਾ" ਕਿਹਾ ਜਾਂਦਾ ਹੈ।
ਉਦਘਾਟਨ ਨੂੰ ਲੈ ਕੇ ਵਿਵਾਦ
ਉਤਸਵ ਦਾ ਉਦਘਾਟਨ ਵਿਵਾਦਾਂ ਦੇ ਵਿਚਕਾਰ ਹੋਇਆ, ਕਿਉਂਕਿ ਕੁਝ ਵਰਗਾਂ ਨੇ ਉਦਘਾਟਨ ਲਈ ਬਾਨੂ ਮੁਸ਼ਤਾਕ ਨੂੰ ਸੱਦਾ ਦੇਣ ਦੇ ਸਰਕਾਰ ਦੇ ਫੈਸਲੇ 'ਤੇ ਇਤਰਾਜ਼ ਜਤਾਇਆ ਸੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਰਨਾਟਕ ਹਾਈ ਕੋਰਟ ਦੇ ਫੈਸਲੇ ਨੂੰ ਚੁਣੌਤੀ ਦੇਣ ਵਾਲੀ ਪਟੀਸ਼ਨ ਨੂੰ ਖਾਰਜ ਕਰ ਦਿੱਤਾ ਸੀ। ਹਾਈ ਕੋਰਟ ਨੇ ਰਾਜ ਸਰਕਾਰ ਦੁਆਰਾ ਦੁਸਹਿਰਾ ਉਤਸਵ ਦੇ ਉਦਘਾਟਨ ਲਈ ਮੁਸ਼ਤਾਕ ਨੂੰ ਸੱਦਾ ਦੇਣ ਦੇ ਉਸ ਦੇ ਫੈਸਲੇ ਨੂੰ ਬਰਕਰਾਰ ਰੱਖਿਆ ਸੀ।
ਮੁਸ਼ਤਾਕ ਦਾ ਇੱਕ ਪੁਰਾਣਾ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋਣ ਤੋਂ ਬਾਅਦ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾਵਾਂ ਅਤੇ ਹੋਰ ਲੋਕਾਂ ਨੇ ਰਾਜ ਸਰਕਾਰ ਦੁਆਰਾ ਦੁਸਹਿਰਾ ਉਤਸਵ ਦੇ ਉਦਘਾਟਨ ਲਈ ਮੁਸ਼ਤਾਕ ਨੂੰ ਸੱਦਾ ਦੇਣ ਦੇ ਫੈਸਲੇ 'ਤੇ ਇਤਰਾਜ਼ ਜਤਾਇਆ ਹੈ। ਇਸ ਵੀਡੀਓ ਵਿੱਚ ਮੁਸ਼ਤਾਕ ਨੇ ਕਥਿਤ ਤੌਰ 'ਤੇ ਕੰਨੜ ਭਾਸ਼ਾ ਨੂੰ "ਦੇਵੀ ਭੁਵਨੇਸ਼ਵਰੀ" ਵਜੋਂ ਪੂਜਣ 'ਤੇ ਇਹ ਕਹਿ ਕੇ ਇਤਰਾਜ਼ ਜਤਾਇਆ ਸੀ ਕਿ ਇਹ ਉਨ੍ਹਾਂ ਵਰਗੇ ਲੋਕਾਂ (ਘੱਟ ਗਿਣਤੀਆਂ) ਲਈ ਵਰਜਿਤ ਹੈ। ਹਾਲਾਂਕਿ, ਮੁਸ਼ਤਾਕ ਨੇ ਕਿਹਾ ਹੈ ਕਿ ਉਨ੍ਹਾਂ ਦੇ ਪੁਰਾਣੇ ਭਾਸ਼ਣ ਦੇ ਚੋਣਵੇਂ ਅੰਸ਼ਾਂ ਨੂੰ ਸੋਸ਼ਲ ਮੀਡੀਆ 'ਤੇ ਵਾਇਰਲ ਕਰਕੇ ਉਨ੍ਹਾਂ ਦੇ ਬਿਆਨ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।
ਉਤਸਵ ਦੌਰਾਨ ਹੋਣਗੀਆਂ ਵੱਡੀਆਂ ਝਲਕੀਆਂ
ਅਧਿਕਾਰੀਆਂ ਅਨੁਸਾਰ ਇਸ ਉਤਸਵ ਵਿੱਚ ਹਮੇਸ਼ਾ ਵਾਂਗ ਕਰਨਾਟਕ ਦੀ ਸੱਭਿਆਚਾਰਕ ਵਿਰਾਸਤ ਦੀ ਝਲਕ ਦੇ ਨਾਲ ਲੋਕ ਕਲਾਵਾਂ ਨੂੰ ਪ੍ਰਦਰਸ਼ਿਤ ਕੀਤਾ ਜਾਵੇਗਾ, ਜੋ ਵੱਡੀ ਗਿਣਤੀ ਵਿੱਚ ਲੋਕਾਂ ਅਤੇ ਸੈਲਾਨੀਆਂ ਨੂੰ ਆਕਰਸ਼ਿਤ ਕਰਦਾ ਹੈ। ਨਵਰਾਤਰਿਆਂ ਦੇ ਦਿਨਾਂ ਵਿੱਚ ਵੱਖ-ਵੱਖ ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਜਿਸ ਵਿੱਚ ਮੈਸੂਰ ਦੇ ਮਹਿਲ, ਪ੍ਰਮੁੱਖ ਸੜਕਾਂ, ਗਲੀਆਂ, ਚੌਕ-ਚੌਰਾਹਿਆਂ ਅਤੇ ਇਮਾਰਤਾਂ ਨੂੰ ਰੋਸ਼ਨੀ ਨਾਲ ਜਗਮਗਾ ਦਿੱਤਾ ਜਾਵੇਗਾ, ਜਿਸ ਨੂੰ 'ਦੀਪਅਲੰਕਾਰ' ਦੇ ਨਾਮ ਨਾਲ ਜਾਣਿਆ ਜਾਂਦਾ ਹੈ।