world’s highest motorable road: BRO ਨੇ ਲੱਦਾਖ ਵਿੱਚ ਬਣਾਈ ਦੁਨੀਆ ਦੀ ਸਭ ਤੋਂ ਉੱਚੀ ਮੋਟਰੇਬਲ ਸੜਕ
ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ (BRO) ਨੇ ਦੁਨੀਆ ਦੀ ਸਭ ਤੋਂ ਉੱਚੀ ਮੋਟਰੇਬਲ ਸੜਕ ਦਾ ਨਿਰਮਾਣ ਕੀਤਾ ਹੈ, ਜੋ ਕਿ ਅਸਲ ਕੰਟਰੋਲ ਰੇਖਾ (LAC) ਨੇੜੇ ਪੂਰਬੀ ਲੱਦਾਖ ਵਿੱਚ ਸਥਿਤ 19,400 ਫੁੱਟ ਉੱਚੇ ਮਿਗ ਲਾ ਦੱਰੇ ਤੋਂ ਲੰਘਦੀ ਹੈ। ਬੀ ਆਰ ਓ ਨੇ ਲੱਦਾਖ ਵਿੱਚ ਹੀ ਇਸ ਤੋਂ ਪਹਿਲਾਂ ਦੇ ਆਪਣੇ ਦੋ ਰਿਕਾਰਡਾਂ ਉਮਲਿੰਗ ਲਾ ਅਤੇ ਖਰਦੁੰਗ ਲਾ ’ਚ ਬਣਾਈਆਂ ਸੜਕਾਂ ਨੂੰ ਪਛਾੜ ਦਿੱਤਾ ਹੈ।
BRO ਨੇ ਆਪਣੇ ਅਧਿਕਾਰਤ 'ਐਕਸ' (X) ਹੈਂਡਲ ’ਤੇ ਸ਼ਨਿਚਰਵਾਰ ਨੂੰ ਕਿਹਾ, "ਬਾਰਡਰ ਰੋਡਜ਼ ਆਰਗੇਨਾਈਜ਼ੇਸ਼ਨ #BRO ਨੇ ਇੱਕ ਵਾਰ ਫਿਰ ਇਤਿਹਾਸ ਰਚਿਆ ਹੈ ਕਿਉਂਕਿ ਪ੍ਰਾਜੈਕਟ ਹਿਮਾਂਕ ਨੇ ਲੱਦਾਖ ਵਿੱਚ ਮਿਗ ਲਾ ਦੱਰੇ (19,400 ਫੁੱਟ) ’ਤੇ ਦੁਨੀਆ ਦੀ ਸਭ ਤੋਂ ਉੱਚੀ ਮੋਟਰੇਬਲ ਸੜਕ ਬਣਾਈ ਹੈ, ਜਿਸ ਨੇ ਉਮਲਿੰਗ ਲਾ (19,024 ਫੁੱਟ) ਵਿਖੇ ਕਾਇਮ ਕੀਤੇ ਆਪਣੇ ਹੀ ਗਿਨੀਜ਼ ਵਰਲਡ ਰਿਕਾਰਡ ਨੂੰ ਪਛਾੜ ਦਿੱਤਾ ਹੈ।" ਪੋਸਟ ਵਿੱਚ ਅੱਗੇ ਕਿਹਾ ਗਿਆ ਹੈ, "ਨਵੀਂ ਬਣੀ ਲਿਕਾਰੂ-ਮਿਗ ਲਾ-ਫੁਕਚੇ ਸੜਕ ਰਣਨੀਤਕ ਪੱਖੋਂ ਬਹੁਤ ਮਹੱਤਵਪੂਰਨ ਹੈ। ਇਹ ਸੜਕ ਲੱਦਾਖ ਵਿੱਚ ਸੈਰ-ਸਪਾਟੇ ਨੂੰ ਵੀ ਹੁਲਾਰਾ ਦੇਵੇਗੀ।
ਇਹ ਪ੍ਰਾਜੈਕਟ BRO ਦੇ ਪ੍ਰਾਜੈਕਟ ਹਿਮਾਂਕ ਤਹਿਤ ਪੂਰਾ ਕੀਤਾ ਗਿਆ ਸੀ, ਜਿਸ ਤਹਿਤ ਪੂਰਬੀ ਲੱਦਾਖ ਵਿੱਚ ਸੜਕਾਂ ਦਾ ਨਿਰਮਾਣ ਅਤੇ ਸਾਂਭ-ਸੰਭਾਲ ਕੀਤੀ ਜਾਂਦੀ ਹੈ। ਪ੍ਰਾਜੈਕਟ ਹਿਮਾਂਕ ਦੇ ਮੁੱਖ ਇੰਜਨੀਅਰ ਬ੍ਰਿਗੇਡੀਅਰ ਵਿਸ਼ਾਲ ਸ੍ਰੀਵਾਸਤਵ ਦੀ ਅਗਵਾਈ ਹੇਠ BRO ਦੀ ਇੱਕ ਟੀਮ ਨੇ ਮਿਗ ਲਾ ਵਿਖੇ ਰਾਸ਼ਟਰੀ ਝੰਡਾ ਅਤੇ BRO ਦਾ ਝੰਡਾ ਲਹਿਰਾਇਆ।